Fraudulent bride arrested in Moga : ਮੋਗਾ ਜ਼ਿਲ੍ਹੇ ਅਧੀਨ ਪੈਂਦੇ ਜਗਰਾਂਵ ਦੇ ਪਿੰਡ ਖਾੜੇ ਵਿੱਚ ਪੁਲਿਸ ਨੇ ਰੇਡ ਕਰੇਕ ਇੱਕ ਠੱਗ ਦੁਲਹਨ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਨੇ ਦੋ ਲੋਕਾਂ ਨੂੰ ਵਿਦੇਸ਼ ਲਿਜਾਣ ਦੇ ਬਹਾਨੇ ਵਿਆਹ ਕਰਵਾ ਕੇ ਠੱਗੀ ਦਾ ਸ਼ਿਕਾਰ ਬਣਾਇਆ ਅਤੇ ਫਿਰ ਨਾ ਤਾਂ ਉਨ੍ਹਾਂ ਦੇ ਪੈਸੇ ਵਾਪਿਸ ਕੀਤੇ ਅਤੇ ਨਾ ਹੀ ਵਿਦੇਸ਼ ਲੈ ਕੇ ਗਈ। ਹੁਣ ਉਸ ਨੇ ਤੀਸਰਾ ਵਿਆਹ ਵੀ ਕਰਵਾਇਆ, ਜਿਸ ਦੌਰਾਨ ਉਸ ਦੇ ਪਹਿਲੇ ਪਤੀ ਦੇ ਪਿਤਾ ਨੇ ਉਸ ਖਿਲਾਫ 10 ਸਾਲ ਪਹਿਲਾਂ ਉਨ੍ਹਾਂ ਤੋਂ 30 ਲੱਖ ਲੈ ਕੇ ਵਿਦੇਸ਼ ਗਈ ਨੂੰਹ ਅਤੇ ਉਸਦੀ ਮਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ। ਡੀਐੱਸਪੀ ਧਰਮਕੋਟ ਨੇ ਇਸ ਮਾਮਲੇ ਵਿੱਚ ਠੱਗ ਦੁਲਹਨ ਖਿਲਾਫ ਸਾਰੇ ਦੋਸ਼ ਸਹੀ ਪਾਏ ਅਤੇ ਉਸ ਦੇ ਤੀਸਰੇ ਪਤੀ ਦੇ ਘਰ ’ਤੇ ਛਾਪੇਮਾਰੀ ਕਰਕੇ ਐੱਨਆਰਆਈ ਦੁਲਹਨ ਸਵਰਨਜੀਤ ਕੌਰ ਨੂੰ ਗ੍ਰਿਫਤਾਰ ਕਰਕੇ ਮਾਂ-ਧੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਵਿਦੇਸ਼ ਵਿੱਚ ਹੋਣ ਕਾਰਨ ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਅਜੀਤਵਾਲ ਦੇ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਤਲਵੰਡੀ ਮੱਲੀਆਂ ਨਿਵਾਸੀ ਬੇਅੰਤ ਸਿੰਘ ਨੇ 31 ਜੁਲਾਈ ਨੂੰ ਐੱਸਐੱਸਪੀ ਨੂੰ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਉਸ ਨੇ ਦੱਸਿਆ ਸੀ ਕਿ ਗੁਆਂਢੀ ਪਿੰਡ ਵਿੱਚ ਕੰਬਾਈਨ ਡਰਾਈਵਰ ਨੇ 10 ਸਾਲ ਪਹਿਲਾਂ ਐੱਨਆਰਆਈ ਕੁੜੀ ਬਾਰੇ ਦੱਸਿਆ ਸੀ। ਉਹ ਜਗਰਾਂਵ ਦੇ ਪਿੰਡ ਗਾਲਿਬ ਰਣ ਸਿੰਘ ਨਿਵਾਸੀ ਲੜਕੀ ਅਤੇ ਉਸ ਦੀ ਮਾਂ ਹਰਪਾਲ ਕੌਰ ਨੂੰ ਮਿਲਿਆ। ਇਸ ਤੋਂ ਬਾਅਦ ਦੋਵੇਂ ਪਰਿਵਾਰਾਂ ਵਿੱਚ ਵਿਆਹ ਦੀ ਗੱਲ ਤੈਅ ਹੋ ਗਈ। 35 ਲੱਖ ਰੁਪਏ ਵਿੱਚ ਵਿਆਹ ਦੀ ਗੱਲ ਹੋਈ। 20 ਲੱਖ ਰੁਪਏ ਉਸ ਨੇ ਅਡਵਾਂਸ ਦਿੱਤੇ ਸਨ, ਜਦਕਿ ਬਾਕੀ ਦੇ 15 ਲੱਖ ਰੁਪਏ ਵਿਦੇਸ਼ ਜਾਣ ਤੋਂ ਬਾਅਦ ਦੇਣੇ ਸਨ। ਨਵੰਬਰ 2010 ਨੂੰ ਉਸ ਨੇ ਆਪਣੇ ਬੇਟੇ ਗੁਰਭੇਜ ਸਿੰਘ ਦਾ ਵਿਆਹ ਜਗਰਾਂਵ ਦੇ ਪਿੰਡ ਗਾਲਿਬ ਰਣ ਸਿੰਘ ਦੀ ਰਹਿਣ ਵਾਲੀ ਐੱਨਆਰਆਈ ਲੜਕੀ ਸਵਰਨਜੀਤ ਕੌਰ ਨਾਲ ਕਰ ਦਿੱਤਾ। ਉਨ੍ਹਾਂ ਦਾ ਪਰਿਵਾਰ ਅਨਪੜ੍ਹ ਹੋਣ ਕਾਰਨ ਜ਼ਿਆਦਾ ਜਾਣਕਾਰੀ ਨਹੀਂ ਰਖੀ ਸੀ।
ਵਿਆਹ ਤੋਂ ਕੁਝ ਸਮਾਂ ਬਾਅਦ ਸਵਰਨਜੀਤ ਕੌਰ ਕੈਨੇਡਾ ਚਲੀ ਗਈ। ਉਸ ਨੇ ਸਿਰਫ ਇਕ ਵਾਰ ਬੇਟੇ ਨੂੰ ਵਿਦੇਸ਼ ਬੁਲਾਉਣ ਲਈ ਫਾਈਲ ਲਗਾਈ ਸੀ ਜੋਕਿ ਰਿਜੈਕਟ ਹੋ ਗਈ। ਉਨ੍ਹਾਂ ਨੇ ਦਸ ਸਾਲ ਤੱਕ ਲਗਾਤਾਰ ਨੂੰਹ ਅਤੇ ਉਸ ਦੇ ਪੇਕੇ ਵਾਲਿਆਂ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੀ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਨੇ ਨਾ ਤਾਂ ਰੁਪਏ ਵਾਪਿਸ ਕੀਤੇ ਤੇ ਨਾ ਹੀ ਉਨ੍ਹਾਂ ਦੇ ਬੇਟੇ ਨੂੰ ਵਿਦੇਸ਼ ਬੁਲਾਇਆ। ਲੜਕੀ ਦੀ ਉਮਰ ਵੀ ਘੱਟ ਦੱਸੀ ਗਈ ਸੀ, ਜਦਕਿ ਬਾਅਦ ਵਿੱਚ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਸਵਰਨਜੀਤ ਕੌਰ ਉਨ੍ਹਾਂ ਦੇ ਬੇਟੇ ਗੁਰਭੇਜ ਸਿੰਘ ਤੋਂ ਦਸ ਸਾਲ ਵੱਡੀ ਹੈ। ਉਸ ਨੇ ਚੰਦ ਪੁਰਾਣਾ ਦੇ ਇਕ ਨੌਜਵਾਨ ਨਾਲ ਵੀ ਵਿਆਹ ਦੇ ਨਾਂ ’ਤੇ 30 ਲੱਖ ਰੁਪਏ ਦੀ ਠੱਗੀ ਮਾਰੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਡੇਢ ਮਹੀਨਾ ਪਹਿਲਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਸਵਰਨਜੀਤ ਕੌਰ ਪੰਜਾਬ ਆਈ ਹੈ ਅਤੇ ਤੀਸਰਾ ਵਿਆਹ ਕਰ ਰਹੀ ਹੈ। ਉਨ੍ਹਾਂ ਨੇ ਐੱਸਐਈਸਪੀ ਨੂੰ ਸ਼ਿਕਾਇਤ ਦੇਣ ਦੇ ਨਾਲ-ਨਾਲ ਜਗਰਾਂਵ ਦੇ ਪਿੰਡ ਨਿਵਾਸੀ ਨੌਜਵਾਨ ਨੂੰ ਫ੍ਰਾਡ ਮਹਿਲਾ ਨਾਲ ਵਿਆਹ ਕਰਨ ਦੀ ਸਲਾਹ ਦਿੱਤੀ ਸੀ ਪਰ ਫਿਰ ਵੀ ਉਸ ਨੇ ਵਿਆਹ ਕਰ ਲਿਆ।
ਐੱਸਐੱਸਪੀ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਡੀਐੱਸਪੀ ਧਰਮਕੋਟ ਨੂੰ ਸੌਂਪੀ ਸੀ। ਇਸ ਵਿੱਚ ਡੀਐੱਸਪੀ ਸੁਬੇਗ ਸਿੰਘ ਨੇ ਸਾਰੇ ਦੋਸ਼ ਸਹੀ ਪਾਏ ਜਾਣ ’ਤੇ ਐੱਨਆਈਆਰ ਮਾਂ ਹਰਪਾਲ ਕੌਰ ਤੇ ਬੇਟੀ ਸਵਰਨਜੀਤ ਕੌਰ ਖਿਲਾਫ ਮਾਮਲਾ ਦਰਜ ਕੀਤਾ। ਸ਼ਨੀਵਾਰ ਦੀ ਸਵੇਰ ਪੁਲਿਸ ਪਾਰਟੀ ਨੇ ਰੇਡ ਕਰਕੇ ਪਿੰਡ ਖਾੜੇ ਜਗਰਾਂਵ ਵਿੱਚ ਸਵਰਨਜੀਤ ਕੌਰ ਨੂੰ ਉਸ ਦੇ ਨਵੇਂ ਪਤੀ ਦੇ ਘਰੋਂ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਅਜੇ ਨਵੇਂ ਪਤੀ ਤੋਂ ਠੱਗੀ ਦਾ ਖੁਲਾਸਾ ਨਹੀਂ ਕੀਤਾ ਹੈ। ਨਾ ਹੀ ਨਵੇਂ ਪਤੀ ਨੇ ਇਸ ਸੰਬੰਧੀ ਕੋਈ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਮਹਿਲਾ ਤੋਂ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜੇ ਉਸ ਦੀ ਮਾਂ ਵੀ ਵਿਦੇਸ਼ ਵਿੱਚ ਹੈ। ਇਨ੍ਹਾਂ ਨੇ ਹੋਰ ਕਿੰਨੇ ਲੋਕਾਂ ਨੂੰ ਠੱਗਿਆ, ਇਹ ਵੀ ਪਤਾ ਲਗਾਇਆ ਜਾ ਰਿਹਾ ਹੈ।