Motorcycle Stolen parked : ਮਮਦੋਟ : ਇਲਾਕੇ ਵਿੱਚ ਚੋਰ ਬੇਖੌਫ ਹੋ ਕੇ ਚੋਰੀਆਂ ਕਰ ਰਹੇ ਹਨ। ਹੁਣ ਤਾਂ ਉਨ੍ਹਾਂ ਨੂੰ ਪੁਲਿਸ ਦਾ ਵੀ ਕੋਈ ਡਰ ਨਜ਼ਰ ਨਹੀਂ ਆਉਂਦਾ, ਇਸ ਦੀ ਮਿਸਾਲ ਇਸ ਮਾਮਲੇ ਤੋਂ ਸਾਹਮਣੇ ਆਈ ਜਦੋਂ ਚੋਰਾਂ ਨੇ ਥਾਣਾ ਮਮਦੋਟ ਵਿੱਚ ਖੜ੍ਹਾ ਮੋਟਰਸਾਈਕਲ ਚੋਰੀ ਕਰ ਲਿਆ ਅਤੇ ਫਰਾਰ ਹੋ ਗਏ। ਇਸ ਘਟਨਾ ਨਾਲ ਸਥਾਨਕ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆ ਨਿਸ਼ਾਨ ਪੈਦਾ ਹੋ ਰਿਹਾ ਹੈ ਕਿ ਜੇਕਰ ਥਾਣੇ ਦੀ ਚਾਰਦੀਵਾਰੀ ਅੰਦਰੋਂ ਚੋਰੀ ਹੋ ਸਕਦੀ ਹੈ ਤਾਂ ਆਮ ਲੋਕ ਚੋਰਾਂ ਤੋਂ ਕਿੰਨੇ ਕੁ ਸੁਰੱਖਿਅਤ ਹੋਣਗੇ।
ਦੱਸਣਯੋਗ ਹੈ ਕਿ ਘਟਨਾ ਬੀਤੀ ਦੇਰ ਸ਼ਾਮ ਦੀ ਹੈ ਜਦੋਂ ਮਮਦੋਟ ਥਾਣੇ ਦੀ ਚਾਰਦੀਵਾਰੀ ਅੰਦਰ ਖੜ੍ਹਾ ਕੀਤਾ ਸਾਬਕਾ ਐੱਮ ਸੀ ਅਤੇ ਵਾਈਸ ਪ੍ਰਧਾਨ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਾਬਕਾ ਵਾਈਸ ਪ੍ਰਧਾਨ ਪ੍ਰਦੀਪ ਕੁਮਾਰ ਪੱਪੂ ਪੁੱਤਰ ਕਸ਼ਮੀਰ ਸਿੰਘ ਵਾਸੀ ਮਮਦੋਟ ਹਿਠਾੜ (ਜੱਲੋ ਕੇ) ਨੇ ਦੱਸਿਆ ਕਿ ਉਹ ਕਿਸੇ ਕੰਮ ਲਈ ਥਾਣਾ ਮਮਦੋਟ ਦੇ ਹਦੂਦ ਅੰਦਰ ਮੋਟਰਸਾਈਕਲ ਖੜਾ ਕਰਕੇ, ਕਿਸੇ ਪੁਲਿਸ ਅਧਿਕਾਰੀ ਨੂੰ ਮਿਲਣ ਗਿਆ ਸੀ। ਪਰ ਜਦੋਂ ਵਾਪਸ ਆ ਕੇ ਦੇਖਿਆ ਤਾਂ ਮੇਰਾ ਮੋਟਰਸਾਈਕਲ ਉਥੇ ਨਹੀਂ ਸੀ। ਉਨ੍ਹਾਂ ਨੇ ਆਲੇ-ਦੁਆਲੇ ਦੇ ਪੁਲਿਸ ਮੁਲਾਜ਼ਮਾਂ ਅਤੇ ਉੱਥੇ ਦੇ ਲੋਕਾਂ ਤੋਂ ਪੁੱਛਿਆ ਪਰ ਮੋਟਰਸਾਈਕਲ ਕਿਤੇ ਨਹੀਂ ਮਿਲਿਆ।
ਇਸ ਸਬੰਧੀ ਥਾਣਾ ਮਮਦੋਟ ਅੰਦਰ ਤਾਇਨਾਤ ਡਿਊਟੀ ਅਫਸਰ ਸੁਖਪਾਲ ਸਿੰਘ ਨਾਲ ਜਦੋਂ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਇਹ ਮਾਮਲਾ ਮੇਰੇ ਧਿਆਨ ਵਿੱਚ ਨਹੀਂ ਹੈ ਅਤੇ ਜਦੋਂ ਇਸ ਮਾਮਲੇ ਸਬੰਧੀ ਮੇਰੇ ਕੋਲ ਸ਼ਿਕਾਇਤ ਆਵੇਗੀ ਤਾਂ ਉਸ ਉਪਰ ਕਾਰਵਾਈ ਕਰਕੇ ਚੋਰੀ ਹੋਏ ਮੋਟਰਸਾਈਕਲ ਦੀ ਭਾਲ ਕੀਤੀ ਜਾਵੇਗੀ ਅਤੇ ਚੋਰਾਂ ਨੂੰ ਜਲਦ ਹੀ ਪਕੜ ਲਿਆ ਜਾਵੇਗਾ।