Maharashtra Three storey building collapses: ਮਹਾਂਰਾਸ਼ਟਰ ਦੇ ਠਾਣੇ ਜ਼ਿਲ੍ਹੇ ਦੇ ਭਿਵੰਡੀ ਸ਼ਹਿਰ ਵਿੱਚ ਐਤਵਾਰ ਦੇਰ ਰਾਤ ਇੱਕ ਤਿੰਨ ਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਦੀ ਤਰ੍ਹਾਂ ਢਹਿ ਗਈ । ਇਮਾਰਤ ਵਿੱਚ ਰਹਿਣ ਵਾਲੇ ਬਹੁਤ ਸਾਰੇ ਲੋਕ ਮਲਬੇ ਵਿੱਚ ਫਸੇ ਹੋਣ ਦਾ ਖ਼ਦਸ਼ਾ ਹੈ । ਸਥਾਨਕ ਲੋਕਾਂ ਅਨੁਸਾਰ 1984 ਵਿੱਚ ਬਣੇ ਜਿਲਾਨੀ ਅਪਾਰਟਮੈਂਟ, ਮਕਾਨ ਨੰਬਰ 69 ਨਾਮ ਦੀ ਇਮਾਰਤ ਦਾ ਅੱਧਾ ਹਿੱਸਾ ਦੇਰ ਰਾਤ ਢਹਿ ਗਿਆ ।
ਦੱਸਿਆ ਜਾ ਰਿਹਾ ਹੈ ਕਿ ਡਿੱਗਣ ਵਾਲੇ ਇਸ ਤਿੰਨ ਮੰਜ਼ਿਲਾ ਮਕਾਨ ਦੇ ਹਿੱਸੇ ਦੇ 21 ਫਲੈਟਾਂ ਵਿੱਚ ਬਹੁਤ ਸਾਰੇ ਲੋਕ ਡੂੰਘੀ ਨੀਂਦ ਸੁੱਤੇ ਹੋਏ ਸਨ। ਅਚਾਨਕ ਰਾਤ 3.20 ਵਜੇ ਭਿਵੰਡੀ ਦੇ ਪਟੇਲ ਕੰਪਲੈਕਸ ਵਿੱਚ ਹਫੜਾ-ਦਫੜੀ ਮਚ ਗਈ । ਸਥਾਨਕ ਨਾਗਰਿਕ ਅਤੇ ਮਨਪਾ ਦੀ ਟੀਮ ਰਾਹਤ ਅਤੇ ਬਚਾਅ ਕਾਰਜ ਕਰ ਰਹੀ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਮਾਰਤ ਦੇ ਮਲਬੇ ਵਿੱਚੋਂ ਹੁਣ ਤੱਕ 10 ਲੋਕਾਂ ਦੀਆਂ ਲਾਸ਼ਾਂ ਨੂੰ ਕੱਢਿਆ ਜਾ ਚੁੱਕਿਆ ਹੈ। ਜਦੋਂ ਕਿ ਰਾਹਤ ਕਾਰਜ ਦੌਰਾਨ 11 ਜ਼ਿੰਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕੁਝ ਲੋਕਾਂ ਦੇ ਅਜੇ ਵੀ ਫਸੇ ਹੋਣ ਦਾ ਖ਼ਦਸ਼ਾ ਹੈ।
ਮਰਨ ਵਾਲਿਆਂ ਵਿੱਚ ਜ਼ੁਬੈਰ ਕੁਰੈਸ਼ੀ, ਫੈਜ਼ਾ ਕੁਰੈਸ਼ੀ, ਆਇਸ਼ਾ ਕੁਰੈਸ਼ੀ, ਬੱਬੂ, ਫਾਤਮਾ ਜੁਬੈਰ ਬਾਬੂ, ਫਾਤਮਾ ਜੁਬੈਰ ਕੁਰੈਸ਼ੀ, ਉਜ਼ੇਬ ਜੁਬੇਰ, ਅਸਕਾ ਆਬਿਦ ਅੰਸਾਰੀ, ਅੰਸਾਰੀ ਦਾਨਿਸ਼ ਅਲੀਦ, ਸਿਰਾਜ ਅਹਿਮਦ ਸ਼ੇਖ ਸ਼ਾਮਿਲ ਸਨ। ਇਸ ਤੋਂ ਇਲਾਵਾ ਸਲਮਾਨੀ, ਰੁਕਸਾਰ ਕੁਰੈਸ਼ੀ, ਮੁਹੰਮਦ ਅਲੀ, ਸ਼ਾਬੀਰ ਕੁਰੈਸ਼ੀ, ਮੁਹੰਮਦ ਅਲੀ, ਮੋਮਿਨ ਸਮਿਉੱਲਾ, ਕੈਸਰ ਸਿਰਾਜ ਸ਼ੇਖ, ਰੁਕਸਾਰ ਸ਼ੇਖ ਸਮੇਤ 11 ਲੋਕ ਜ਼ਖਮੀ ਹਨ।
ਇਸ ਸਬੰਧੀ NDRF ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 4 ਵਜੇ ਭਿਵੰਡੀ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ। ਸਥਾਨਕ ਲੋਕਾਂ ਨੇ ਮਲਬੇ ਤੋਂ 20 ਲੋਕਾਂ ਨੂੰ ਬਚਾਇਆ ਹੈ। ਇਸ ਤੋਂ ਇਲਾਵਾ 20-25 ਲੋਕਾਂ ਦੇ ਫਸਣ ਦਾ ਖ਼ਦਸ਼ਾ ਹੈ । ਆਰਆਰਸੀ ਮੁੰਬਈ ਦੀ ਐਨਡੀਆਰਐਫ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ ਅਤੇ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਜਾਰੀ ਹਨ ।