India China tension: ਭਾਰਤ ਅਤੇ ਚੀਨ ਦੇ ਚੋਟੀ ਦੇ ਸੈਨਿਕ ਕਮਾਂਡਰਾਂ ਵਿਚਾਲੇ ਬਹੁਮੁੱਲੀ ਗੱਲਬਾਤ ਸੋਮਵਾਰ ਨੂੰ ਚੀਨੀ ਖੇਤਰ ਮੋਲਡੋ ਵਿੱਚ ਹੋਵੇਗੀ। LAC ‘ਤੇ ਪੈਦਾ ਹੋਏ ਤਣਾਅ ਤੋਂ ਬਾਅਦ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਦਾ ਇਹ ਛੇਵਾਂ ਦੌਰ ਹੈ । ਇਸ ਵਾਰ ਦੋਵੇਂ ਦੇਸ਼ਾਂ ਦੇ ਵਿਦੇਸ਼ ਮੰਤਰਾਲੇ ਦੇ ਨੁਮਾਇੰਦੇ ਵੀ ਮੌਜੂਦ ਰਹਿਣਗੇ । ਇਹ ਪ੍ਰਤੀਨਿਧੀ ਸੰਯੁਕਤ ਸਕੱਤਰ ਪੱਧਰ ਦਾ ਅਧਿਕਾਰੀ ਹੋਵੇਗਾ ।
ਦੱਸ ਦੇਈਏ ਕਿ ਇਹ ਮੀਟਿੰਗ ਸਵੇਰੇ 11 ਵਜੇ ਮੋਲਡੋ ਵਿੱਚ ਹੋਵੇਗੀ । ਕੋਰ ਕਮਾਂਡਰ ਪੱਧਰ ਦੀ ਆਖਰੀ ਮੀਟਿੰਗ 2 ਅਗਸਤ ਨੂੰ ਹੋਈ ਸੀ । ਇਸ ਤਰ੍ਹਾਂ ਇਹ ਮੁਲਾਕਾਤ ਲੰਬੇ ਸਮੇਂ ਬਾਅਦ ਹੋ ਰਹੀ ਹੈ। ਹਾਲਾਂਕਿ, ਵਿਚਕਾਰ ਬ੍ਰਿਗੇਡੀਅਰ ਪੱਧਰ ਦੀਆਂ ਪੰਜ ਮੀਟਿੰਗਾਂ ਹੋਈਆਂ ਹਨ। ਇਸ ਦੌਰਾਨ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਝੜਪਾਂ ਹੋਈਆਂ ਹਨ ਅਤੇ ਹਵਾਈ ਫਾਇਰਿੰਗ ਵੀ ਹੋ ਚੁੱਕੇ ਹਨ । ਇਸ ਦੌਰਾਨ ਭਾਰਤ ਨੇ ਹਮਲਾਵਰ ਰੁਖ ਅਪਣਾਉਂਦਿਆਂ ਕਈ ਉੱਚੀਆਂ ਚੋਟੀਆਂ ’ਤੇ ਵੀ ਆਪਣੀ ਸਥਿਤੀ ਮਜ਼ਬੂਤ ਕੀਤੀ ਹੈ।
ਫੌਜ ਨਾਲ ਜੁੜੇ ਸੂਤਰਾਂ ਨੇ ਕਿਹਾ ਕਿ ਭਾਰਤ ਵੱਲੋਂ ਮੰਗ ਕੀਤੀ ਜਾਵੇਗੀ ਕਿ ਮਈ ਤੋਂ ਪਹਿਲਾਂ ਦੀ ਸਥਿਤੀ LAC ’ਤੇ ਬਹਾਲ ਕੀਤੀ ਜਾਵੇ। ਇਸ ਬੈਠਕ ਵਿੱਚ ਭਾਰਤ ਦੇ ਸਖਤ ਰਹਿਣ ਦੀ ਵੀ ਉਮੀਦ ਹੈ । ਉਹ ਹੁਣ LAC ‘ਤੇ ਚੀਨੀ ਫੌਜ ਨਾਲ ਮੁਕਾਬਲਾ ਕਰਨ ਲਈ ਪਹਿਲਾਂ ਨਾਲੋਂ ਬਿਹਤਰ ਸਥਿਤੀ ਵਿੱਚ ਹੈ ਅਤੇ ਫੌਜ ਸਾਰੀਆਂ ਮਹੱਤਵਪੂਰਣ ਚੋਟੀਆਂ ‘ਤੇ ਟਿਕੀ ਹੋਈ ਹੈ। ਭਾਰਤੀ ਫੌਜ ਨੇ ਸਰਦੀਆਂ ਲਈ ਆਪਣੀ ਪੂਰੀ ਤਿਆਰੀ ਕਰ ਲਈ ਹੈ, ਜਦੋਂਕਿ ਚੀਨੀ ਫੌਜ ਸਰਦੀਆਂ ਦੀ ਦਸਤਕ ਤੋਂ ਪ੍ਰੇਸ਼ਾਨ ਹੈ। ਭਾਰਤ ਦੀ ਅਗਵਾਈ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਵੱਲੋਂ ਕੀਤੇ ਜਾਣ ਦੀ ਸੰਭਾਵਨਾ ਹੈ, ਜੋ ਪਿਛਲੇ ਪੰਜ ਲਗਾਤਾਰ ਮੀਟਿੰਗਾਂ ਦੀ ਅਗਵਾਈ ਵੀ ਕਰ ਚੁੱਕੇ ਹਨ ।
ਹਾਲ ਹੀ ਦੇ ਸਮੇਂ ਵਿੱਚ ਭਾਰਤੀ ਫੌਜ ਨੇ ਪੂਰਬੀ ਲੱਦਾਖ ਵਿੱਚ ਪੈਨਗੋਂਗ ਝੀਲ ਦੇ ਨੇੜੇ ਟਕਰਾਉਣ ਵਾਲੇ ਇਲਾਕਿਆਂ ਦੇ ਦੁਆਲੇ 20 ਉੱਚੀਆਂ ਪਹਾੜੀਆਂ ‘ਤੇ ਕਬਜ਼ਾ ਕਰ ਲਿਆ ਹੈ। ਸਰਕਾਰੀ ਸੂਤਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ । ਸੋਮਵਾਰ ਨੂੰ ਚੀਨ ਅਤੇ ਭਾਰਤ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਦੇ ਛੇਵੇਂ ਗੇੜ ਤੋਂ ਪਹਿਲਾਂ ਭਾਰਤ ਦੀ ਇਹ ਰਣਨੀਤਕ ਪੇਸ਼ਕਾਰੀ ਬਹੁਤ ਮਹੱਤਵਪੂਰਨ ਮੰਨੀ ਜਾ ਰਹੀ ਹੈ।