Racist attack on Sikhs in England : ਪੰਜਾਬ ਦੇ ਇੱਕ ਸਿੱਖ ਟੈਕਸੀ ਡਰਾਈਵਰ ਨਾਲ ਇੰਗਲੈਂਡ ਦੇ ਬਰਕਸ਼ਾਇਰ ’ਚ ਅੰਗਰੇਜ਼ਾਂ ਵੱਲੋਂ ਕੁੱਟਮਾਰ ਕਰਨ ਅਤੇ ਉਸ ਦੀ ਪੱਗ ਦੀ ਲਾਹੁਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਸ ਨੂੰ ਜ਼ਬਰਦਸਤੀ ਨਸ਼ੀਲੀ ਚੀਜ਼ ਉਸ ਦੇ ਨੱਕ ਵਿੱਚ ਪਾਉਣ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਸੰਬੰਧੀ ਥੇਮਸ ਵੈਲੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਇਸ ਮਾਮਲੇ ਵਿੱਚ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ 41 ਸਾਲਾ ਪੰਜਾਬੀ ਵਨੀਤ ਸਿੰਘ ਰੀਡਿੰਗ ਟਾਊਨ ਦੇ ਕਸਬਾ ਟਾਈਲਹਰਸਟ ਦਾ ਰਹਿਣ ਵਾਲਾ ਹੈ, ਜੋਕਿ ਟੈਕਸੀ ਚਲਾਉਣ ਦੇ ਨਾਲਨਾਲ ਬਰਕਸ਼ਾਇਰ ਵਿੱਚ ਬੱਚਿਆਂ ਨੂੰ ਤਬਲਾ ਵੀ ਸਿਖਾਉਂਦਾ ਹੈ। ਉਸ ਨੇ ਦੱਸਿਆ ਕਿ ਚਾਰ ਅੰਗਰੇਜ਼ ਬਰਕਸ਼ਾਇਰ ਦੇ ਇੱਕ ਕੈਸੀਨੋ ’ਚੋਂ ਨਿਕਲਣ ਤੋਂ ਬਾਅਦ ਉਸ ਦੀ ਟੈਕਸੀ ਵਿੱਚ ਬਰੈਮਲੇ ਜਾਣ ਲਈ ਬੈਠੇ। ਚਾਰ ਅੰਗਰੇਜ਼ਾਂ ਨੇ ਉਸ ਤੋਂ ਪਹਿਲਾਂ ਪੁੱਛਿਆ ਕਿ ਉਹ ਉਹ ’ਤਾਲਿਬਾਨ’ ਹੈ, ਉਸ ਨੇ ਦੱਸਿਆ ਕਿ ਉਹ ਇੱਕ ਸਿੱਖ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਕਾਲੇ ਰੰਗ ਦੇ ਇੱਕ ਡੱਬੇ ਵਿੱਚੋਂ ਕੋਈ ਡਰੱਗ ਕੱਢ ਕੇ ਉਸ ਦੇ ਨੱਕ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ। ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਉਨ੍ਹਾਂ ਨੇ ਉਹ ਡਰੱਗ ਉਸ ਦੇ ਨੱਕ ਵਿੱਚ ਪਾ ਦਿੱਤੀ। ਫਿਰ ਉਨ੍ਹਾਂ ਨੇ ਉਸ ਦੀ ਟੈਕਸੀ ਦੀ ਭੰਨ-ਤੋੜ ਕੀਤੀ ਅਤੇ ਉਸ ਦੀ ਪੱਗ ਲਾਹੁਣ ਦੀ ਕੋਸ਼ਿਸ਼ ਕੀਤੀ। ਫਿਰ ਉਨ੍ਹਾਂ ਨੇ ਉਸ ਦੀ ਟੈਕਸੀ ਦੀ ਨੰਬਰ ਪਲੇਟ ਵੀ ਲਾਹੁਣੀ ਚਾਹੀ।
ਉਸ ਨੇ ਦੱਸਿਆ ਕਿ ਨੈਟਵਰਕ ਨਾ ਮਿਲਣ ਕਾਰਨ ਉਹ ਪੁਲਿਸ ਨੂੰ ਕਾਲ ਨਹੀਂ ਕਰ ਸਕਿਆ। ਉਹ ਚਾਰੋ ਹਮਲਾਵਰ ਲੋਕ ਮੁੜ ਉਸ ਦੀ ਕਾਰ ਵਿੱਚ ਬੈਠ ਕੇ ਉਸ ਦੀ ਪੱਗੜੀ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕਰਦੇ ਰਹੇ ਅਤੇ ਉਸ ਨੂੰ ਮੁੱਕੇ ਮਾਰਦੇ ਰਹੇ। ਫਿਰ ਉਹ ਰੈੱਡ ਲਾਈਟ ’ਤੇ ਉਤਰ ਗਏ ਅਤੇ ਜਾਂਦੇ-ਜਾਂਦੇ ਉਸ ਦੀ ਗੱਡੀ ਨੂੰ ਨੁਕਸਾਨ ਪਹੁੰਚਾ ਗਏ। ਵਨੀਤ ਸਿੰਘ ਨੂੰ ਇਹ ਨਸਲਵਾਦੀ ਹਮਲਾ ਹੋਣ ਦਾ ਖਦਸ਼ਾ ਹੈ। ਉਸ ਦਾ ਕਹਿਣਾ ਹੈ ਕਿ ਇਸ ਹਮਲੇ ਤੋਂ ਬਾਅਦ ਉਸ ਦੇ ਮਨ ਵਿੱਚ ਦਹਿਸ਼ਤ ਬੈਠ ਗਈ ਹੈ। ਥੇਮਸ ਵੈਲੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।