Strict instructions from the CM : ਕੋਰੋਨਾ ਵੈਕਸੀਨ ਦੇ ਟਰਾਇਲ ਦੇ ਤੀਸਰੇ ਪੜਾਅ ਵਿੱਚ ਪੰਜਾਬ ਦੇ ਤਿੰਨ ਸਰਕਾਰੀ ਮੈਡੀਕਲ ਕਾਲਜ ਹਿੱਸਾ ਲੈਣਗੇ। ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਦੇ ਸਹਿਯੋਗ ਨਾਲ ਕੋਵਾ ਵੈਕਸੀਨ ਦਾ ਟੈਸਟ ਭਾਰਤ ਬਾਇਓਟੈਕ ਲਿਮਿਟਡ ਵੱਲੋਂ ਕੀਤਾ ਜਾ ਰਿਹਾ ਹੈ। ਇਹ ਟਰਾਇਲ 15 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੇ ਹਨ। ਭਾਰਤ ਬਾਇਓਟੈਕ ਲਿਮਟਿਡ ਨੇ ਇਸ ਟਰਾਇਲ ਵਿੱਚ ਹਿੱਸਾ ਲੈਣ ਵਾਲੇ ਵਿਅਕਤੀ ਨਾਲ ਕੋਈ ਅਣਸੁਖਾਵੀਂ ਘਟਨਾ ਜਾਂ ਕੋਈ ਮਾੜੇ ਪ੍ਰਭਾਵਾਂ ਜਾਂ ਮੌਤ ਹੋਣ ਦੀ ਸੂਰਤ ਵਿੱਚ 75 ਲੱਖ ਰੁਪਏ ਦਾ ਬੀਮਾ ਕਵਰ ਦੇਣ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਨੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਟਰਾਇਲ ਦੌਰਾਨ ਸਾਰੀਆਂ ਸਾਵਧਾਨੀਆਂ ਨੂੰ ਪੂਰੀ ਨਿਗਰਾਨੀ ਅਤੇ ਸਖਤੀ ਨਾਲ ਯਕੀਨੀ ਬਣਾਉਣ, ਜਿਸ ਲਈ ਹਿੱਸੇਦਾਰਾਂ ਦੀ ਸਹਿਮਤੀ ਲਾਜ਼ਮੀ ਹੋਵੇਗੀ। ਉਨ੍ਹਾਂ ਸਖਤ ਹਿਦਾਇਤਾਂ ਜਾਰੀ ਕੀਤੀਆਂ ਕਿ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਗਰੀਬ ਵਿਅਕਤੀਆਂ ਨੂੰ ਉਨ੍ਹਾਂ ਦੀ ਸਹਿਮਤ, ਜਾਣਕਾਰੀ ਅਤੇ ਸੰਭਾਵਿਤ ਨਤੀਜਿਆਂ ਅਤੇ ਖ਼ਤਰਿਆਂ ਤੋਂ ਜਾਣੂ ਕਰਵਾਉਣ ਤੋਂ ਬਗੈਰ ਟਰਾਇਲ ਲਈ ਨਾ ਲਿਆਂਦਾ ਜਾਵੇ।
ਦੱਸਣਯੋਗ ਹੈ ਕਿ ਇਸ ਵੈਕਸੀਨ ਨਾਲ ਬੁਖਾਰ, ਇੰਟਰਾਮਸਕੂਲਰ ਟੀਕੇ ਦੀ ਜਗ੍ਹਾ ਤੇ ਦਰਦ ਅਤੇ ਬਿਮਾਰੀ ਵਰਗੇ ਸਾਈਡ ਇਫੈਕਟ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ ਤੀਸਰੇ ਪੜਾਅ ਦੇ ਮਨੁੱਖੀ ਟਰਾਇਲ ਵਿੱਚ ਹਿੱਸਾ ਲੈਣ ਵਾਲਿਆਂ ਨੂੰ 0 ਅਤੇ 28 ਦਿਨਾਂ ਦੌਰਾਨ ਗੈਰ-ਕਿਰਿਆਸ਼ੀਲ ਵਾਇਰਸ ਟੀਕੇ ਦੇ ਦੋ ਡੋਜ਼ ਦਿੱਤੇ ਜਾਣਗੇ। ਇਹ ਪ੍ਰਗਟਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਵਰਚੁਅਲ ਕੋਵਿਡ ਸਮੀਖਿਆ ਬੈਠਕ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਕੀਤਾ।