Daughter of the head granthi : ਪਾਕਿਸਤਾਨ ਦੇ ਹਸਨ ਅਬਦਾਲ ਸਥਿਤ ਗੁਰਦੁਆਰਾ ਪੰਜਾ ਸਾਹਿਬ ਦੇ ਹੈਡ ਗ੍ਰੰਥੀ ਦੀ ਧੀ ਬੁਲਬੁਲ ਕੌਰ ਆਪਣੇ ਘਰ ਵਾਪਸ ਪਰਤ ਆਈ ਹੈ। ਦੱਸਣਯੋਗ ਹੈ ਕਿ ਬੁਲਬੁਲ ਕੌਰ ਕੁਝ ਦਿਨ ਪਹਿਲਾਂ ਬੁਲਬੁਲ ਕੌਰ ਅਪਣੇ ਘਰੋਂ ਲਾਪਤਾ ਹੋ ਗਈ ਸੀ। ਸਥਾਨਕ ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕੀਤਾ ਗਿਆ ਸੀ। ਉਸ ਨੇ ਅਦਾਲਤ ਨੂੰ ਦੱਸਿਆ ਕਿ ਉਹ ਅਪਣੀ ਮਰਜ਼ੀ ਨਾਲ ਚਲੀ ਗਈ ਸੀ ਅਤੇ ਅਦਾਲਤ ਨੇ ਉਸ ਨੂੰ ਅੱਗੇ ਕਾਨੂੰਨੀ ਕਾਰਵਾਈ ਲਈ ਦਾਰੂਲ ਅਮਨ ਭੇਜ ਦਿੱਤਾ।
ਬਾਅਦ ਵਿਚ ਮਾਪਿਆਂ ਦੇ ਕਹਿਣ ‘ਤੇ ਅਦਾਲਤ ਨੇ ਉਨ੍ਹਾਂ ਨੂੰ ਦਰੂਲ ਅਮਨ ਵਿਚ ਲੜਕੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਅਤੇ ਲੜਕੀ ਨੇ ਮੁਲਾਕਾਤ ਤੋਂ ਬਾਅਦ ਅਪਣੇ ਮਾਪਿਆਂ ਨਾਲ ਜਾਣ ਦੀ ਇੱਛਾ ਜ਼ਾਹਰ ਕੀਤੀ। ਜਿਸ ‘ਤੇ ਅਦਾਲਤ ਦੇ ਹੁਕਮ ਨਾਲ ਉਸ ਨੂੰ ਅਪਣੇ ਮਾਪਿਆਂ ਨਾਲ ਭੇਜ ਦਿਤਾ ਗਿਆ ਹੈ। ਇਸ ਦੌਰਾਨ ਡੀ. ਪੀ. ਓ. ਅਟਕ ਨੇ ਸਈਅਦ ਖ਼ਾਲਿਦ ਹਮਦਾਨੀ ਸਿੱਖਾਂ ਅਤੇ ਲੜਕੀ ਦੇ ਮਾਪਿਆਂ ਨਾਲ ਸੰਪਰਕ ਰਖਿਆ ਅਤੇ ਉਨ੍ਹਾਂ ਨੂੰ ਪੂਰੀ ਕਾਨੂੰਨੀ ਸਹਾਇਤਾ ਅਤੇ ਸੁਰੱਖਿਆ ਪ੍ਰਦਾਨ ਕੀਤੀ।
ਸਿੱਖਾਂ ਨੇ ਅਟਕ ਪੁਲਿਸ ਦਾ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਪ੍ਰਵਾਸੀ ਸਿੱਖਾਂ ਨੇ ਪਾਕਿਸਤਾਨ ਸਰਕਾਰ, ਕੋਰਟ ਤੇ ਪੁਲਿਸ ਦਾ ਧਨਵਾਦ ਕੀਤਾ ਜਿਨ੍ਹਾਂ ਨੇ ਸਿੱਖ ਲੜਕੀ ਦੀ ਹਰ ਪੱਖੋਂ ਹਿਫ਼ਾਜ਼ਤ ਕੀਤੀ ਹੈ। ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਮਨਜਿੰਦਰ ਸਿੰਘ ਸਿਰਸਾ ਵੱਲੋਂ ਵੀ ਇਹ ਮਾਮਲਾ ਚੁੱਕਿਆ ਗਿਆ ਸੀ ਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਵੱਲੋਂ ਪਾਕਿਸਤਾਨ ਹਾਈ ਕਮਿਸ਼ਨ ਦੇ ਦਫਤਰ ਅੱਗੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਸੀ। ਉਸ ਦੇ ਘਰ ਪਰਤਨ ‘ਤੇ ਮਨਜਿੰਦਰ ਸਿੰਘ ਸਿਰਸਾ ਨੇ ਭਾਰਤੀ ਵਿਦੇਸ਼ ਮੰਤਰਾਲੇ ਵਿਚ ਪਾਕਿਸਤਾਨੀ ਡੈਸਕ ਦੇ ਇੰਚਾਰਜ ਸ੍ਰੀ ਜੇ ਪੀ ਸਿੰਘ ਦੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ।