Terrorist attack on security forces in Pulwama: ਜੰਮੂ-ਕਸ਼ਮੀਰ ਵਿੱਚ ਅੱਤਵਾਦੀਆਂ ਨੇ ਬੁੱਧਵਾਰ ਨੂੰ ਇੱਕ ਵਾਰ ਫਿਰ ਸੁਰੱਖਿਆ ਬਲਾਂ ‘ਤੇ ਹਮਲਾ ਕੀਤਾ ਹੈ। ਅੱਤਵਾਦੀ ਸੁਰੱਖਿਆ ਬਲਾਂ ‘ਤੇ ਫਾਇਰਿੰਗ ਕਰ ਕੇ ਫਰਾਰ ਹੋ ਗਏ ਹਨ। ਰਹਤ ਵਾਲੀ ਖ਼ਬਰ ਇਹ ਹੈ ਕਿ ਕਿਸੇ ਨੂੰ ਨੁਕਸਾਨ ਕੋਈ ਨਹੀਂ ਹੋਇਆ। ਬੁੱਧਵਾਰ ਨੂੰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਮੁੱਖ ਕਸਬੇ ਪੁਲਵਾਮਾ ਵਿੱਚ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਦੀ ਇੱਕ ਘਟਨਾ ਸਾਹਮਣੇ ਆਈ। ਹਾਲਾਂਕਿ, ਇਸ ਘਟਨਾ ਵਿੱਚ ਅਜੇ ਤੱਕ ਕਿਸੇ ਦੇ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ। ਹਮਲਾਵਰਾਂ ਨੂੰ ਫੜਨ ਲਈ ਪੂਰੇ ਖੇਤਰ ਦੀ ਘੇਰਾਬੰਦੀ ਕਰ ਤਲਾਸ਼ੀ ਮੁਹਿੰਮ ਜਾਰੀ ਹੈ। ਇਸ ਤੋਂ ਪਹਿਲਾਂ ਕੇਂਦਰੀ ਕਸ਼ਮੀਰ ਦੇ ਬਡਗਾਮ ਜ਼ਿਲੇ ਦੇ ਚਰਰ-ਏ-ਸ਼ਰੀਫ ਖੇਤਰ ਵਿੱਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਦਰਮਿਆਨ 15 ਘੰਟਿਆਂ ਤੋਂ ਵੱਧ ਸਮੇਂ ਦੀ ਮੁਠਭੇੜ ‘ਚ ਜੈਸ਼-ਏ-ਮੁਹੰਮਦ ਦਾ ਅੱਤਵਾਦੀ ਮਾਰਿਆ ਗਿਆ ਸੀ। ਮਾਰੇ ਗਏ ਅੱਤਵਾਦੀ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ।
ਪੁਲਿਸ ਦੇ ਅਨੁਸਾਰ ਇਸ ਸਮੂਹ ਦੇ ਕੁੱਝ ਹੋਰ ਅੱਤਵਾਦੀ ਖੇਤਰ ਵਿੱਚ ਸਰਗਰਮ ਹਨ ਅਤੇ ਜਲਦੀ ਹੀ ਉਨ੍ਹਾਂ ਨੂੰ ਫੜ ਲਿਆ ਜਾਵੇਗਾ। ਸੁਰੱਖਿਆ ਬਲਾਂ ਨੇ ਸੋਮਵਾਰ ਦੇਰ ਸ਼ਾਮ ਤੋਂ ਸ਼ੁਰੂ ਹੋਏ ਅੱਤਵਾਦੀਆਂ ਖਿਲਾਫ ਮੁਹਿੰਮ ਵਿੱਚ ਤਕਰੀਬਨ 15 ਘੰਟੇ ਬਾਅਦ ਸਫਲਤਾ ਹਾਸਿਲ ਕੀਤੀ। ਮੁਕਾਬਲੇ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ। ਬਡਗਾਮ ਜ਼ਿਲ੍ਹੇ ਦੇ ਜੰਮੂ-ਕਸ਼ਮੀਰ ਪੁਲਿਸ ਦੇ ਐਸਐਸਪੀ ਅਮੋਦ ਨਾਗਪੁਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਅੱਤਵਾਦੀ ਚਾਰ-ਏ-ਸ਼ਰੀਫ ਖੇਤਰ ਦੇ ਨਾਹਰ ਪਿੰਡ ਵਿੱਚ ਇੱਕ ਘਰ ਵਿੱਚ ਛੁਪੇ ਹੋਏ ਸਨ। ਇਲਾਕੇ ਦੀ ਘੇਰਾਬੰਦੀ ਕਰਨ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਦੌਰਾਨ ਅੱਤਵਾਦੀਆਂ ਨੇ ਸਿਪਾਹੀਆਂ ‘ਤੇ ਗ੍ਰਨੇਡ ਸੁੱਟੇ ਅਤੇ ਤੇਜ਼ ਗੋਲੀਬਾਰੀ ਕੀਤੀ। ਸੈਨਿਕਾਂ ਨੇ ਵੀ ਢੁਕਵਾਂ ਜਵਾਬ ਦਿੱਤਾ ਅਤੇ ਇੱਕ ਅੱਤਵਾਦੀ ਨੂੰ ਢੇਰ ਕਰ ਦਿੱਤਾ। ਉਸ ਕੋਲੋਂ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ।