Rahul Gandhi hits Modi govt: ਕੋਰੋਨਾ ਸੰਕਟ ਕਾਰਨ ਸੰਸਦ ਦਾ ਮਾਨਸੂਨ ਸੈਸ਼ਨ ਸਮੇਂ ਤੋਂ ਪਹਿਲਾਂ ਖ਼ਤਮ ਕਰ ਦਿੱਤਾ ਗਿਆ ਹੈ। ਕੁਝ ਦਿਨ ਚੱਲੀ ਸੰਸਦ ਵਿੱਚ ਸਰਕਾਰ ਵੱਲੋਂ ਕਈ ਬਿੱਲ ਪੇਸ਼ ਕੀਤੇ ਗਏ ਅਤੇ ਪਾਸ ਵੀ ਕਰਵਾ ਲਏ ਗਏ । ਕਿਰਤ ਸੁਧਾਰਾਂ ਬਾਰੇ ਪਾਸ ਕੀਤੇ ਗਏ ਬਿੱਲ ਬਾਰੇ ਕਈ ਮਜ਼ਦੂਰ ਸੰਗਠਨਾਂ ਵਿੱਚ ਰੋਸ ਹੈ । ਵੀਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਅਤੇ ਇਨ੍ਹਾਂ ਸੁਧਾਰਾਂ ‘ਤੇ ਸਵਾਲ ਚੁੱਕੇ । ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਕਿਸਾਨਾਂ ਤੋਂ ਬਾਅਦ ਮਜ਼ਦੂਰਾਂ ‘ਤੇ ਹਮਲਾ, ਗਰੀਬਾਂ ਦਾ ਸ਼ੋਸ਼ਣ,‘ਦੋਸਤਾਂ’ ਦਾ ਪੋਸ਼ਣ, ਇਹੀ ਹੈ ਬਸ ਮੋਦੀ ਜੀ ਦਾ ਸ਼ਾਸਨ ।
ਦਰਅਸਲ, ਬੁੱਧਵਾਰ ਨੂੰ ਰਾਜ ਸਭਾ ਵਿੱਚ ਕਿਰਤ ਸੁਧਾਰ ਦੇ 3 ਵੱਡੇ ਬਿੱਲ ਪਾਸ ਕੀਤੇ ਗਏ ਹਨ । ਸਰਕਾਰ ਦੇ ਅਨੁਸਾਰ ਨਵੇਂ ਲੇਬਰ ਕਾਨੂੰਨ ਦੇਸ਼ ਦੇ ਸੰਗਠਿਤ ਅਤੇ ਅਸੰਗਠਿਤ ਮਜ਼ਦੂਰ ਦੋਵਾਂ ਨੂੰ ਕਈ ਤਰ੍ਹਾਂ ਦੀਆਂ ਨਵੀਆਂ ਸਹੂਲਤਾਂ ਪ੍ਰਦਾਨ ਕਰਨਗੇ। ਪਰ ਇਸ ਬਿੱਲ ਦੇ ਤਹਿਤ ਹੁਣ ਜਿਹੜੀਆਂ ਕੰਪਨੀਆਂ 300 ਤੋਂ ਘੱਟ ਕਰਮਚਾਰੀ ਹਨ, ਉਹ ਸਰਕਾਰੀ ਇਜਾਜ਼ਤ ਤੋਂ ਬਿਨ੍ਹਾਂ ਕਰਮਚਾਰੀਆਂ ਨੂੰ ਕੰਮ ਤੋਂ ਕੱਢ ਸਕਣਗੀਆਂ। ਹੁਣ ਤੱਕ ਇਹ ਨਿਯਮ ਸਿਰਫ ਉਨ੍ਹਾਂ ਕੰਪਨੀਆਂ ਲਈ ਸੀ ਜਿਨ੍ਹਾਂ ਵਿੱਚ 100 ਤੋਂ ਘੱਟ ਕਰਮਚਾਰੀ ਸਨ। ਇਸ ਫੈਸਲੇ ‘ਤੇ ਕਈ ਮਜ਼ਦੂਰ ਸੰਗਠਨ ਅਤੇ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ।
ਦੱਸ ਦੇਈਏ ਕਿ ਪਹਿਲਾਂ ਹੀ, ਖੇਤੀਬਾੜੀ ਬਿੱਲ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਧਿਰ ਵਿਚਾਲੇ ਜੰਗ ਚੱਲ ਰਹੀ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਇਸ ਦੇ ਲਈ ਹਮਲਾਵਰ ਹਨ। ਸ਼ੁੱਕਰਵਾਰ ਨੂੰ ਵਿਰੋਧੀ ਪਾਰਟੀਆਂ ਅਤੇ ਦੇਸ਼ ਦੀਆਂ ਕਈ ਕਿਸਾਨ ਸੰਗਠਨਾਂ ਨੇ ਬੰਦ ਦਾ ਸੱਦਾ ਦਿੱਤਾ ਹੈ ਅਤੇ ਰੋਸ ਪ੍ਰਦਰਸ਼ਨ ਕਰਨ ਲਈ ਕਿਹਾ ਹੈ।