Students studying under : ਮੁਹਾਲੀ : ਪੋਸਟ ਮੈਟ੍ਰਿਕ ਸਕਾਰਲਰਸ਼ਿਪ ਸਕੀਮ ਅਧੀਨ ਪੜ੍ਹ ਰਹੇ ਵਿਦਿਆਰਥੀਆਂ ਨੂੰ ਵੱਡਾ ਝਟਕਾ ਦਿੰਦੇ ਹੋਏ ਪੰਜਾਬ ਦੀਆਂ 13 ਐਸੋਸੀਏਸ਼ਨਾਂ ਤੇ ਆਧਾਰਤ ਜੁਆਇੰਟ ਐਸੋਸੀਏਸ਼ਨ ਆਫ ਕਾਲਜਿਜ਼ (ਜੈਕ) ਨੇ ਇਸ ਸਾਲ ਦਾਖਲਾ ਨਾ ਦੇਣ ਦਾ ਐਲਾਨ ਕਰ ਦਿੱਤਾ ਹੈ, ਜਿਸ ਨਾਲ ਪੰਜਾਬ ਦੇ ਐਸਸੀ/ ਐਸਟੀ ਵਿਦਿਆਰਥੀ ਸਿਖਿਆ ਤੋਂ ਵਾਂਝੇ ਰਹਿ ਜਾਣਗੇ। ਜੈਕ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਜਾਰੀ ਕਰਕੇ ਕਿ ਪੋਸਟ ਮੈਟਰਿਕ ਸਕਲਾਰਸ਼ਿਪ ਦੀ ਕੇਂਦਰ ਤੋਂ ਜਾਰੀ ਹੋਈ 309 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਅਪੀਲ ਕੀਤੀ ਹੈ। ਇਸ ਤੋਂ ਬਾਅਦ ਹੀ ਵਿਦਿਆਰਥੀਆਂ ਤੋਂ ਫੀਸ ਲੈਣ ਦਾ ਫੈਸਲਾ ਵਾਪਸ ਲਿਆ ਜਾ ਸਕੇ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ 2010 ਤੋਂ ਐਸਸੀ ਵਿਦਿਆਰਥੀਆਂ ਦੀ ਪੜ੍ਹਾਈ ਲਈ ਪੋਸਟ ਮੈਟਰਿਕ ਸਕਾਰਲਰਸ਼ਿਪ ਸਕੀਮ ਚਾਲੂ ਕੀਤੀ ਗਈ ਸੀ ਜਿਸ ਮੁਤਾਬਕ ਯੋਗ ਐਸਸੀ ਵਿਦਿਆਰਥੀਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਕਰਨਾ ਹੁੰਦਾ ਹੈ। ਹਰ ਸਾਲ ਲਗਭਗ 3 ਤਿੰਨ ਲੱਖ ਦਲਿਤ ਵਿਦਿਆਰਥੀ ਇਸ ਸਕੀਮ ਦਾ ਲਾਭ ਉਠਾਉਂਦੇ ਹਨ। ਪੰਜਾਬ ਸਰਕਾਰ ਨੇ ਸਾਰੇ ਕਾਲਜਾਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਐਸਸੀ ਵਿਦਿਆਰਥੀਆਂ ਨੂੰ ਬਿਨਾਂ ਕੋਈ ਫੀਸ ਲਏ ਆਪਣੀਆਂ ਸੰਸਥਾਵਾਂ ਵਿਚ ਪੜ੍ਹਾਈ ਕਰਵਾਉਣ। ਪੰਜਾਬ ਦੀਆਂ 1650 ਸੰਸਥਾਵਾਂ ਨੇ 2010 ਤੋਂ ਲਗਾਤਾਰ ਇਹਨਾਂ ਵਿਦਿਆਰਥੀਆਂ ਨੂੰ ਬਿਨਾਂ ਫੀਸ ਲਏ ਪੜ੍ਹਾਈ ਕਰਵਾ ਰਹੀਆਂ ਸਨ, ਜਿਸ ਦੀ ਸਕਾਲਰਸ਼ਿਪ ਕੁਝ ਸਾਲ ਜਾਰੀ ਹੁੰਦੀ ਰਹੀ ਪਰੰਤੂ 2016-17 ਤੋਂ ਹੁਣ ਤੱਕ 1850 ਕਰੋੜ ਰੁਪਿਆ ਸਕਾਲਰਸ਼ਿਪ ਦਾ ਕਾਲਜਾਂ ਨੂੰ ਜਾਰੀ ਹੋਣਾ ਬਕਾਇਆ ਹੈ ਜਿਸ ਕਰਕੇ ਪੰਜਾਬ ਵਿਚ ਅਨੇਕਾਂ ਸੰਸਥਾਵਾਂ ਬੰਦ ਹੋ ਚੁੱਕੀਆਂ ਹਨ ਅਤੇ ਬਹੁਤੀਆਂ ਬੈਂਕਾਂ ਦੀਆਂ ਡਿਫਾਲਟਰ ਹੋ ਚੁੱਕੀਆਂ ਹਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ ਅੰਸ਼ੂ ਕਟਾਰੀਆ ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਅਪੀਲ ਕੀਤੀ ਹੈ ਕਿ ਪੋਸਟ ਮੈਟਰਿਕ ਸਕਲਾਰਸ਼ਿਪ ਦੀ ਸਕੀਮ ਨੂੰ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਿਆ ਜਾਵੇ ਪਰੰਤੂ ਸਪਸ਼ਟ ਕੀਤਾ ਜਾਵੇ ਕਿ ਇਸ ਸਕੀਮ ਤਹਿਤ ਪੋਸਟ ਮੈਟਰਿਕ ਸਕਲਾਰਸ਼ਿਪ ਦੀ ਅਦਾਇਗੀ ਕੌਣ ਕਰੇਗਾ। ਅਜਿਹਾ ਨਾ ਹੋਣ ਦੀ ਸੂਰਤ ਵਿਚ ਸੰਸਥਾਵਾਂ ਫੈਸਲਾ ਲੈ ਚੁੱਕੀਆਂ ਹਨ ਕਿ ਇਸ ਸ਼ੈਸ਼ਨ ਤੋਂ ਪੋਸਟ ਮੈਟਰਿਕ ਸਕਲਾਰਸ਼ਿਪ ਤਹਿਤ ਕਿਸੇ ਵਿਦਿਆਰਥੀ ਦਾ ਦਾਖਲਾ ਨਹੀਂ ਕੀਤਾ ਜਾਵੇਗਾ।