Captain urges political parties : ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਹਿੱਤਾਂ ਦੀ ਹਰ ਕੀਮਤ ’ਤੇ ਰਾਖੀ ਕਰਨ ਲਈ ਆਪਣੀ ਵਚਨਬੱਧਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਪੂਰੀ ਤਾਕਤ ਨਾਲ ਗੈਰ-ਸੰਵਿਧਾਨਕ ਕਿਸਾਨ ਵਿਰੋਧੀ ਬਿੱਲਾਂ ਖਿਲਾਫ ਸਿਆਸੀ ਲੜਾਈ ਲੜਨ ਲਈ ਅਗਵਾਈ ਕਰਨ ਵਾਸਤੇ ਤਿਆਰ ਹਨ। ਉਨ੍ਹਾਂ ਸਮੂਹ ਸਿਆਸੀ ਪਾਰਟੀਆਂ ਨੂੰ ਪੰਜਾਬ ਦੇ ਕਿਸਾਨਾਂ ਲਈ ਖੇਤੀ ਬਿੱਲਾਂ ਵਿਰੁੱਧ ਇਕਜੁੱਟ ਹੋ ਕੇ ਲੜਾਈ ਲੜਨ ਲਈ ਇਕ ਮੰਚ ’ਤੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ, ‘‘ਇਨਾਂ ਘਾਤਕ ਨਵੇਂ ਕਾਨੂੰਨਾਂ ਤੋਂ ਮੇਰੇ ਕਿਸਾਨਾਂ ਅਤੇ ਸੂਬੇ ਨੂੰ ਬਚਾਉਣ ਲਈ ਜੋ ਕੁਝ ਵੀ ਕਰਨਾ ਪਿਆ, ਮੈਂ ਕਰਾਂਗਾ। ਇਹ ਕਾਨੂੰਨ ਸਾਡੇ ਖੇਤੀ ਸੈਕਟਰ ਨੂੰ ਖੋਖਲਾ ਕਰ ਦੇਣਗੇ ਅਤੇ ਪੰਜਾਬ ਦੀ ਖੇਤੀਬਾੜੀ ਦੀ ਜੀਵਨ ਰੇਖਾ ਨੂੰ ਤਬਾਹ ਕਰ ਦੇਣਗੇ।’’
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਹੀ ਕਿਸਾਨਾਂ ਨਾਲ ਡਟ ਕੇ ਖੜੀ ਹੈ ਅਤੇ ਅੱਗੇ ਵੀ ਮੋਢਾ ਨਾਲ ਮੋਢਾ ਜੋੜ ਕੇ ਖੜੇਗੀ ਤਾਂ ਕਿ ਕੇਂਦਰ ਸਰਕਾਰ ਦੀਆਂ ਚਾਲਾਂ ਤੋਂ ਨਾ ਸਿਰਫ ਆਪਣੇ ਕਿਸਾਨਾਂ ਅਤੇ ਕਾਮਿਆਂ ਸਗੋਂ ਸਮੁੱਚੇ ਪੰਜਾਬ ਨੂੰ ਬਚਾਇਆ ਜਾ ਸਕੇ। ਉਨਾਂ ਕਿਹਾ ਕਿ ਸਾਡੇ ਕਿਸਾਨ ਅਤੇ ਕਿਰਤੀ ਮੁਲਕ ਦਾ ਢਿੱਡ ਭਰਨ ਲਈ ਦਿਨ-ਰਾਤ ਖੇਤਾਂ ਵਿੱਚ ਪਸੀਨਾ ਵਹਾਉਂਦੇ ਹਨ। ਕੈਪਟਨ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਦੇ ਸਹਿਯੋਗ ਨਾਲ ਉਨਾਂ ਦੀ ਸਰਕਾਰ ਇਨਾਂ ਕਾਨੂੰਨਾਂ ਦੀ ਜ਼ੋਰਦਾਰ ਢੰਗ ਨਾਲ ਮੁਖਾਲਫ਼ਤ ਕਰੇਗੀ ਕਿਉਂ ਜੋ ਇਹ ਕਾਨੂੰਨ ਨਾ ਸਿਰਫ ਕਿਸਾਨਾਂ ਸਗੋਂ ਸਮੁੱਚੇ ਮੁਲਕ ਦੇ ਖਿਲਾਫ ਭੁਗਤਦੇ ਹਨ।