SGPC announces closure : ਅਬੋਹਰ : SGPC ਨੇ ਖੇਤੀ ਬਿੱਲਾਂ ਖਿਲਾਫ ਅੰਦੋਲਨ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ 25 ਸਤੰਬਰ ਨੂੰ ਸਾਰੇ ਦਫਤਰ ਬੰਦ ਰੱਖਣ ਦਾ ਐਲਾਨ ਕੀਤਾ ਹੈ। ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ‘ਚ ਉਹ ਕਿਸਾਨਾਂ ਨਾਲ ਹਨ। ਕਿਸਾਨ ਇਨ੍ਹਾਂ ਬਿੱਲਾਂ ਤੋਂ ਸਹਿਮਤ ਨਹੀਂ ਹਨ। ਇਸ ਕਾਰਨ ਕੇਂਦਰ ਸਰਕਾਰ ਨੂੰ ਇਹ ਬਿੱਲ ਧੱਕੇ ਨਾਲ ਲਾਗੂ ਨਹੀਂ ਕਰਨੇ ਚਾਹੀਦੇ। ਸਰਕਾਰ ਨੂੰ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ। ਕੇਂਦਰੀ ਖੇਤੀ ਤੇ ਕਿਸਾਨ ਕਲਿਆਣ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਨਵੇਂ ਕਾਨੂੰ ਕਿਸਾਨਾਂ ਦੇ ਜੀਵਨ ‘ਚ ਖੁਸ਼ਹਾਲੀ ਲਿਆਉਣ ਤੇ ਉਨ੍ਹਾਂ ਨੂੰ ਸ਼ੋਸ਼ਣ ਤੋਂ ਆਜ਼ਾਦੀ ਦਿਵਾਉਣਗੇ। ਖਰੀਦਦਾਰ ਖੁਦ ਕਿਸਾਨਾਂ ਕੋਲ ਜਾ ਕੇ ਉਪਜ ਖਰੀਦਣਗੇ ਤੇ ਉਨ੍ਹਾਂ ਨੂੰ ਫਾਇਦਾ ਹੋਵੇਗਾ।
ਕੇਂਦਰ ਸਰਕਾਰ ਦੇ ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਨੇ ਅੰਮ੍ਰਿਤਸਰ, ਫਿਰੋਜ਼ਪੁਰ, ਨਾਭਾ ਤੇ ਸੰਗਰੂਰ ਜਿਲ੍ਹੇ ‘ਚ ਰੇਲ ਟਰੈਕ ‘ਤੇ ਪੱਕਾ ਧਰਨਾ ਲਗਾ ਦਿੱਤਾ। ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦਾ ਕਿਸਾਨਾਂ ਨੂੰ ਵੀ ਪੂਰਾ-ਪੂਰਾ ਸਮਰਥਨ ਹੈ। ਹਾਲਾਂਕਿ ਰੇਲਵੇ ਨੇ ਪਹਿਲਾਂ ਹੀ ਪੰਜਾਬ ‘ਚ ਟ੍ਰੇਨਾਂ ਦੇ ਆਉਣ-ਜਾਣ ‘ਤੇ ਰੋਕ ਲਗਾ ਦਿੱਤੀ ਸੀ। ਇਸ ਦੇ ਬਾਵਜੂਦ ਕਿਸਾਨ ਰੇਲਵੇ ਟਰੈਕ ‘ਤੇ ਬੈਠੇ ਤੇ ਕਿਹਾ ਕਿ 26 ਤੱਕ ਟਰੈਕ ‘ਤੇ ਡਟੇ ਰਹਿਣਗੇ। ਇਸ ਤੋਂ ਬਾਅਦ ਅੱਗੇ ਦੀ ਰਣਨੀਤੀ ਬਣਾਉਣਗੇ। ਅੰਮ੍ਰਿਤਸਰ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਜੰਡਿਆਲਾ ਗੁਰੂ ਦੇ ਕੋਲ ਦੇਵੀਦਾਸਪੁਰਾ ਰੇਲਵੇ ਫਾਟਕ ‘ਤੇ ਸਵੇਰੇ ਤੋਂ ਸ਼ਾਮ 4.15 ਵਜੇ ਤਕ ਲਗਭਗ 4700 ਕਿਸਾਨ ਪਹੁੰਚ ਗਏ ਤੇ ਰੇਲਵੇ ਲਾਈਨ ਵਿਚ ਕਿਸਾਨਾਂ ਨੇ 500 ਮੀਟਰ ਦੀ ਦੂਰੀ ਤੱਕ ਟੈਂਟ ਲਗਾ ਕੇ ਪਟੜੀ ਦੇ ‘ਚ ਬੈਠੇ ਤੇ ਲੇਟੇ ਰਹੇ।
ਕਿਸੇ ਵੀ ਸਿਆਸੀ ਪਾਰਟੀ ਨੂੰ ਮੰਚ ‘ਤੇ ਨਹੀਂ ਆਉਣ ਦਿੱਤਾ ਜਾਵੇਗਾ ਤੇ ਜੇਕਰ ਸਰਕਾਰ ਨਹੀਂ ਮੰਨਦੀ ਤਾਂ 26 ਸਤੰਬਰ ਨੂੰ ਅੰਦੋਲਨ ਹੋਰ ਵੀ ਤੇਜ਼ ਹੋਵੇਗਾ। ਅੰਮ੍ਰਿਤਸਰ ਤੋਂ ਇਲਾਵਾ ਸੈਂਕੜੇ ਕਿਸਾਨ ਨਾਭਾ, ਫਿਰੋਜ਼ਪੁਰ, ਬਰਨਾਲਾ ਤੇ ਸੁਨਾਮ ‘ਚ ਵੀ ਰੇਲਵੇ ਟਰੈਕ ‘ਤੇ ਤੰਬੂ ਲਗਾ ਕੇ ਬੈਠੇ। ਕਿਸਾਨਾਂ ਦੇ ਸਮਰਥਨ ‘ਚ ਆਮ ਆਦਮੀ ਪਾਰਟੀ ਨੇ ਮੋਗਾ ‘ਚ ਕਾਲੇ ਬਿੱਲਾ ਲਗਾ ਕੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਫਿਰੋਜ਼ਪੁਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਅਬੋਹਰ ‘ਚ ਕਾਂਗਰਸ ਨੇ ਟਰੈਕਟਰ ਰੈਲੀ ਅਤੇ ਖੰਨਾ ‘ਚ ਯੂਥ ਕਾਂਗਰਸ ਨੇ ਰਾਤ ‘ਚ ਮਸ਼ਾਲ ਰੈਲੀ ਕੱਢੀ।