Markets in Gurdaspur : ਪੂਰੇ ਪੰਜਾਬ ‘ਚ ਖੇਤੀ ਬਿੱਲਾਂ ਖਿਲਾਫ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ ਤੇ ਲੋਕ ਵੀ ਕਿਸਾਨਾਂ ਦੇ ਇਸ ਬੰਦ ਦਾ ਸਮਰਥਨ ਕਰ ਰਹੇ ਹਨ। ਜਿਲ੍ਹਾ ਗੁਰਦਾਸਪੁਰ ਵਿਖੇ ਕਿਸਾਨਾਂ ਵੱਲੋਂ ਦਿੱਤੀ ਗਈ ਪੰਜਾਬ ਬੰਦ ਦੀ ਕਾਲ ਨੂੰ ਪੂਰਾ ਸਮਰਥਨ ਮਿਲ ਰਿਹਾ ਹੈ ਤੇ ਬਾਜ਼ਾਰ ਪੂਰੀ ਤਰ੍ਹਾਂ ਤੋਂ ਬੰਦ ਰਹੇ। ਇਸੇ ਤਰ੍ਹਾਂ ਬਟਾਲਾ ਵਿਖੇ ਵੀ ਬੰਦ ਦਾ ਪੂਰਾ ਸਮਰਥਨ ਦੇਖਣ ਨੂੰ ਮਿਲਿਆ ਤੇ ਉਥੇ ਵੀ ਦੁਕਾਨਾਂ ਤੇ ਬਾਜ਼ਾਰ ਮੁਕੰਮਲ ਬੰਦ ਰਹੇ।
ਕਿਸਾਨਾਂ ਵੱਲੋਂ ਰੇਲਵੇ ਟਰੈਕਾਂ ‘ਤੇ ਧਰਨੇ ਦਿੱਤੇ ਜਾ ਰਹੇ ਹਨ ਤੇ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਵੱਲੋਂ ਸ਼ਨੀਵਾਰ ਤੱਕ ਕਾਫੀ ਟ੍ਰੇਨਾਂ ਨੂੰ ਰੱਦ ਵੀ ਕੀਤਾ ਗਿਆ ਹੈ। ਕਿਸਾਨਾਂ ਨੇ ਅਗਲੇ 48 ਘੰਟਿਆਂ ਤਕ ਧਰਨੇ ਦੇਣ ਦਾ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਅਗਲੀ ਰਣਨੀਤੀ ਬਾਅਦ ‘ਚ ਤੈਅ ਕੀਤੀ ਜਾਵੇਗੀ। ਖੇਤੀ ਬਿੱਲਾਂ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ 31 ਕਿਸਾਨ ਸੰਗਠਨਾਂ ਦਾ ਪੰਜਾਬ ਬੰਦ ਹੈ। ਸਵੇਰੇ 4 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗਾ। ਇਸ ਦੌਰਾਨ ਬਾਜ਼ਾਰ, ਮੰਡੀ, ਟਰੱਕ ਤੇ ਬੱਸਾਂ ਆਦਿ ਬੰਦ ਰਹਿਣਗੀਆਂ। ਮੈਡੀਕਲ ਸੇਵਾਵਾਂ ਸਾਧਾਰਨ ਰਹਿਣਗੀਆਂ ਤੇ ਐਂਬੂਲੈਂਸ ਆਦਿ ਨੂੰ ਵੀ ਰੋਕਿਆ ਨਹੀਂ ਜਾਵੇਗਾ। ਬੰਦ ਦੌਰਾਨ ਜਿਲ੍ਹਿਆਂ ‘ਚ 22000 ਪੁਲਿਸ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। DGP ਨੇ ਹਾਈ ਅਲਰਟ ਵੀ ਜਾਰੀ ਕੀਤਾ ਹੈ।
ਕਿਸਾਨ ਜਥੇਬੰਦੀਆਂ ਨੇ ਸੂਬੇ ‘ਚ ਕੁੱਲ 200 ਪੁਆਇੰਟਸ ‘ਤੇ ਰਸਤਾ ਰੋਕਣ ਦਾ ਫੈਸਲਾ ਕੀਤਾ ਹੈ ਤਾਂ ਕਿ ਕੋਈ ਵੀ ਸੂਬੇ ਤੋਂ ਬਾਹਰ ਜਾਂ ਅੰਦਰ ਨਾ ਜਾ ਸਕੇ। ਇਥੇ ਕਿਸਾਨ ਮੋਰਚਾ ਸੰਭਾਲੇ ਰਹਿਣਗੇ। ਇਸ ਲਈ ਲਗਭਗ 80 ਟੀਮਾਂ ਦਾ ਗਠਨ ਕੀਤਾ ਗਿਆ ਹੈ ਜੋ ਇੰਟਰ ਸਟੇਟ ਵਾਲੇ ਖੇਤਰਾਂ ‘ਚ ਧਰਨਾ ਦੇਣਗੀਆਂ।