Singer Pammi Bai rides : ਪਟਿਆਲਾ : ਕੇਂਦਰ ਸਰਕਾਰ ਵੱਲੋਂ ਬਣਾਏ ਗਏ ਕਿਸਾਨ ਵਿਰੋਧੀ ਨਵੇਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਿਆਸੀ ਪਾਰਟੀਆਂ ਅਤੇ ਹੋਰ ਜਥੇਬੰਦੀਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ। ਪੰਜਾਬ ਬੰਦ ਨੂੰ ਸੂਬੇ ਵਿੱਚ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਵੱਖ-ਵੱਖ ਥਾਵਾਂ ’ਤੇ ਪ੍ਰਦਰਸ਼ਨ ਹੋ ਰਹੇ ਹਨ ਅਤੇ ਵਧੇਰੇ ਬਾਜ਼ਾਰ ਤੇ ਦੁਕਾਨਾਂ ਬੰਦ ਹਨ। ਕਿਸਾਨਾਂ ਨੇ ਆਪਣੇ ਇਸ ਅੰਦੋਲਨ ਦੀ ਸ਼ੁਰੂਆਤ ਬੀਤੇ ਦਿਨ ਤੋਂ ਹੀ ਸ਼ੁਰੂ ਕਰ ਦਿੱਤੀ ਸੀ। ਪਟਿਆਲਾ ਵਿੱਚ ਮਸ਼ਹੂਰ ਗਾਇਕ ਪੰਮੀ ਬਾਈ ਟਰੈਕਟਰ ’ਤੇ ਕਿਸਾਨਾਂ ਦਾ ਸਮਰਥਨ ਕਰਨ ਲਈ ਨਿਕਲੇ। ਉਨ੍ਹਾਂ ਕਿਹਾ ਕਿ ਕਿਸਾਨ ਦੇਸ਼ ਦੇ ਅੰਨਦਾਤਾ ਹਨ ਅਤੇ ਕਿਸਾਨਾਂ ਨਾਲ ਕੋਈ ਵੀ ਧੱਕਾ ਸਹਿਣ ਨਹੀਂ ਕੀਤਾ ਜਾਵੇਗਾ। ਇਹ ਸਾਡੇ ਅੰਨਦਾਤਾ ਹਨ ਅਤੇ ਇਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹੋਣਾ ਸਾਡਾ ਫਰਜ਼ ਬਣਦਾ ਹੈ।
ਨਾਭਾ ਵਿੱਚ ਵੀ ਬੀਤੇ ਦਿਨ ਤੋਂ ਕਿਸਾਨਾਂ ਵੱਲੋਂ ਆਪਣੇ ਅੰਦੋਲਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਕਿਸਾਨ ਯੂਨੀਅਨ ਨੇ ਰੇਲਵੇ ਟਰੈਕ ’ਤੇ ਧਰਨਾ ਲਗਾਇਆ ਹੋਇਆ ਹੈ, ਜੋਕਿ ਅੱਜ ਵੀ ਜਾਰੀ ਹੈ। ਇਸ ਵੱਡੀ ਗਿਣਤੀ ਵਿੱਚ ਕਿਸਾਨ ਪਹੁੰਚਣੇ ਸ਼ੁਰੂ ਹੋ ਗਏ ਹਨ। ਅੱਜ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ ਅਤੇ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਨੇ ਕਿਹਾ ਕਿ ਕੇਂਦਰ ਵੱਲੋਂ ਜਾਰੀ ਕਾਲੇ ਆਰਡੀਨੈਂਸਾਂ ਵਾਪਸ ਕਰਵਾਉਣ ਲਈ ਕਿਸਾਨ ਯੂਨੀਅਨ ਦਾ ਹਰੇਕ ਵਰਗ ਵੱਲੋਂ ਸਾਥ ਦਿੱਤਾ ਜਾ ਰਿਹਾ ਹੈ, ਜਿਸ ਦੇ ਚੱਲਦਿਆਂ ਅੱਜ ਦੇ ਧਰਨੇ ਵਿੱਚ ਕਿਸਾਨਾਂ ਦਾ ਬਹੁਤ ਵੱਡਾ ਇਕੱਠ ਹੋਵੇਗਾ।
ਕੇਂਦਰ ਵੱਲੋਂ ਇਨ੍ਹਾਂ ਆਰਡੀਨੈਂਸਾਂ ਦੇ ਵਾਪਿਸ ਨਾ ਲਏ ਜਾਣ ‘ਤੇ ਇਹ ਸੰਘਰਸ਼ ਹੋਰ ਵੀ ਲੰਮਾ ਹੋ ਸਕਦਾ ਹੈ। ਬਲਾਕ ਜਨਰਲ ਸਕੱਤਰ ਜਸਵਿੰਦਰ ਸਿੰਘ ਸਾਲੂਵਾਲ ਨੇ ਕਿਹਾ ਕਿ ਕਿਸਾਨਾਂ ਦੀ ਮਦਦ ਲਈ ਜਿੱਥੇ ਵੱਖ ਵੱਖ ਜਥੇਬੰਦੀਆਂ ਨੇ ਉੱਥੇ ਕਾਰ ਸੇਵਾ ਵਾਲੇ ਬਾਬੇ ਤੇ ਖਾਲਸਾ ਏਡ ਵੱਲੋਂ ਜੋ ਧਰਨਾਕਾਰੀ ਕਿਸਾਨਾਂ ਲਈ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਉਹ ਵੀ ਇੱਕ ਬਹੁਤ ਸਰਾਹੁਣਯੋਗ ਹੈ।