Sanjha Manch employees : ਮੋਹਾਲੀ : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਵਿਰੁੱਧ ਪੂਰੇ ਪੰਜਾਬ ਵਿੱਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਸ ਦੇ ਚੱਲਦਿਆਂ ਮੋਹਾਲੀ ’ਚ ਵੀ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ ਤੇ ਆੜ੍ਹਤੀਆਂ ਵੱਲੋਂ ਕਿਸਾਨਾਂ ਦੇ ਇਸ ਸੰਘਰਸ਼ ਦੀ ਹਿਮਾਇਤ ਕੀਤੀ ਜਾ ਰਹੀ ਹੈ। ਸਾਂਝਾ ਮੁਲਾਜਮ ਮੰਚ ਅਤੇ ਯੂ.ਟੀ ਮੁਲਾਜ਼ਮ ਵੀ ਕਿਸਾਨਾਂ ਦੇ ਨਾਲ ਇਸ ਸੰਘਰਸ਼ ਵਿੱਚ ਖੜ੍ਹੇ ਹਨ, ਜਿਨ੍ਹਾਂ ਨੇ ਬੀਤੇ ਦਿਨ ਭੁੱਖ ਹੜਤਾਲ ਕੀਤੀ ਸੀ, ਜੋਕਿ ਅੱਜ ਵੀ ਜਾਰੀ ਹੈ। ਇਸੇ ਤਰ੍ਹਾਂ ਪੰਜਾਬ ਦੇ ਸਾਰੇ ਜਿਲ੍ਹਿਆਂ ਵਿੱਚ ਪੰਜਾਬ ਯੂ.ਟੀ. ਮੁਲਾਜਮਾਂ ਵੱਲੋਂ ਭੁੱਖ ਹੜਤਾਲ ਕੀਤੀ ਗਈ ਹੈ।
ਕਿਸਾਨਾਂ ਦੇ ਇਸ ਅੰਦੋਲਨ ਵਿੱਚ ਮੁਲਾਜ਼ਮ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਸ਼ਾਮਲ ਹੋਏ। ਫਰੰਟ ਦੇ ਕਨਵੀਨਰ ਸੂਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਜੇਕਰ ਅੱਜ ਦੇਸ਼ ਦਾ ਅੰਨਦਾਤਾ ਹੀ ਸੜਕਾਂ ਤੇ ਬੈਠਾ ਹੈ ਤਾਂ ਇਹ ਦੇਸ ਦੀਆਂ ਸਰਕਾਰਾਂ ਲਈ ਬਹੁਤ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਕਿਹਾ ਜੇਕਰ ਕਿਸਾਨ ਹੀ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਹਨ ਤਾਂ ਇਨ੍ਹਾਂ ਬਿੱਲਾਂ ਨੂੰ ਲਾਗੂ ਕਰਨ ਦੀ ਕੀ ਉਚਿਤਤਾ ਹੈ, ਉਨ੍ਹਾਂ ਕਿਹਾ ਕਿ ਅੱਜ ਸਮੂਚਾ ਮੁਲਾਜਮ ਵਰਗ ਕਿਸਾਨ ਵੀਰਾਂ ਦੇ ਹੱਕ ਵਿੱਚ ਖੜਾ ਹੈ।