Youth Congress rally on : ਜਲੰਧਰ : ਖੇਤੀ ਬਿੱਲਾਂ ਖਿਲਾਫ ਯੂਥ ਕਾਂਗਰਸ ਨੇ ਸ਼ਨੀਵਾਰ ਨੂੰ ਕਿਸਾਨਾਂ ਦੇ ਹੱਕ ‘ਚ ਟਰੈਕਟਰ ਰੈਲੀ ਕੱਢੀ। ਯੂਥ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ। ਯੂਥ ਕਾਂਗਰਸ ਜਲੰਧਰ ਸ਼ਹਿਰੀ ਦੇ ਪ੍ਰਧਾਨ ਅੰਗਦ ਦੱਤਾ ਦੀ ਅਗਵਾਈ ‘ਚ ਯੂਥ ਕਾਂਗਰਸੀਆਂ ਨੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਤੇ ਦੋਸ਼ ਲਗਾਇਆ ਕਿ ਖੇਤੀ ਬਿੱਲ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜਿਸ਼ ਹੈ।
ਅੰਗਦ ਦੱਤਾ ਨੇ ਕਿਹਾ ਕਿ ਕੇਂਦਰ ਸਰਕਾਰ ਕੁਝ ਖਾਸ ਕਾਰੋਬਾਰੀ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਵੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ‘ਚ ਕਾਰੋਬਾਰੀਆਂ ਦਾ ਪ੍ਰਵੇਸ਼ ਖਤਰਨਾਕ ਸਾਬਤ ਹੋਵੇਗਾ। ਯੂਥ ਨੇਤਾ ਜਗਦੀਪ ਸਿੰਘ ਸੋਨੂੰ ਰਣਦੀਪ ਸੰਧੂ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਪੂਰਾ ਮੁੱਲ ਨਹੀਂ ਮਿਲੇਗਾ। ਜਿਥੇ-ਜਿਥੇ ਅਜਿਹੇ ਕਾਨੂੰਨ ਬਣੇ ਹਨ, ਉਥੇ ਕਿਸਾਨ ਦੀ ਦੁਰਦਸ਼ਾ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜ਼ਮੀਨ ‘ਤੇ ਕਾਰਪੋਰੇਟ ਸੈਕਟਰ ਦਾ ਅਧਿਕਾਰ ਹੋ ਜਾਵੇਗਾ ਤੇ ਕਿਸਾਨ ਗੁਲਾਮੀ ਕਰਨ ਨੂੰ ਮਜਬੂਰ ਹੋਣਗੇ। ਉਨ੍ਹਾਂ ਕਿਹਾ ਕਿ ਖੇਤੀ ਬਿੱਲ ਕਿਸੇ ਤਰ੍ਹਾਂ ਤੋਂ ਮਨਜ਼ੂਰਯੋਗ ਨਹੀਂ ਹਨ ਤੇ ਇਨ੍ਹਾਂ ਨੂੰ ਵਾਪਸ ਲੈਣਾ ਹੀ ਹੋਵੇਗਾ।
ਸੂਬੇ ‘ਚ ਵੱਖ-ਵੱਖ ਥਾਵਾਂ ‘ਤੇ ਕਿਸਾਨਾਂ ਵੱਲੋਂ ਅਜੇ ਵੀ ਧਰਨਾ ਦਿੱਤਾ ਜਾ ਰਿਹਾ ਹੈ। ਕਿਸਾਨਾਂ ਦੇ ਮਨ ‘ਚ ਖੇਤੀ ਬਿੱਲਾਂ ਨੂੰ ਲੈ ਕੇ ਬਹੁਤ ਰੋਸ ਹੈ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਵੀ ਦਿੱਤੀ ਹੈ ਕਿ ਉਹ ਇਨ੍ਹਾਂ ਬਿੱਲਾਂ ਦੇ ਹੱਕ ‘ਚ ਨਹੀਂ ਹਨ ਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਕਿਸਾਨਾਂ ਵੱਲੋਂ ਕੀਤਾ ਜਾ ਰਿਹਾ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ। ਕਿਸਾਨਾਂ ਵੱਲੋਂ 29 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਜਾਰੀ ਰਹੇਗਾ। ਇਸ ਪ੍ਰਦਰਸ਼ਨ ‘ਚ 31 ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਹਿੱਸਾ ਲੈ ਰਹੀਆਂ ਹਨ।