Accused Balwinder Singh : ਰੋਪੜ : ਪਿੰਡ ਸੁਲਤਾਨਪੁਰ ਦੇ ਬਲਵਿੰਦਰ ਸਿੰਘ ਦੀ ਨਿਆਂਇਕ ਹਿਰਾਸਤ ‘ਚ ਮੌਤ ਹੋਣ ਤੋਂ ਬਾਅਦ ਸ਼ਨੀਵਾਰ ਨੂੰ ਲਗਭਗ 5.50 ਵਜੇ ਗੁੱਸੇ ‘ਚ ਆਏ ਪਰਿਵਾਰਕ ਮੈਂਬਰਾਂ ਨੇ ਸਦਰ ਥਾਣਾ ਰੋਪੜ ਦੇ ਸਾਹਮਣੇ ਨੈਸ਼ਨਲ ਹਾਈਵੇ ‘ਤੇ ਲਾਸ਼ ਰੱਖ ਕੇ ਧਰਨਾ ਦਿੱਤਾ। ਧਰਨਾ ਦੇਰ ਸ਼ਾਮ ਤੱਕ ਜਾਰੀ ਰਿਹਾ। ਰਾਤ ਲਗਭਗ 9 ਵਜੇ ਜਦੋਂ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨ ਦਾ ਪੁਲਿਸ ਵੱਲੋਂ ਭਰੋਸਾ ਦੇਣ ਸਬੰਧੀ ਪਿੰਡ ਦੇ ਸਰਪੰਚ ਕਲਮਜੀਤ ਸਿੰਘ ਨੇ ਦੱਸਿਆ ਤਾਂ ਕੁਝ ਪ੍ਰਦਰਸ਼ਨਕਾਰੀ ਵਿਰੋਧ ਕਰਨ ਲੱਗੇ।
ਪਰਿਵਾਰ ਦੀ ਸਹਿਮਤੀ ਦੇਖ ਕੇ ਪੁਲਿਸ ਨੇ ਬਾਕੀ ਲੋਕਾਂ ਨੂੰ ਭਜਾਉਣ ਲਈ ਲਾਠੀਚਾਰਜ ਕੀਤਾ। ਇਸ ਤੋਂ ਪਹਿਲਾਂ ਪਰਿਵਾਰਕ ਮੈਂਬਰ ਇਸ ਗੱਲ ‘ਤੇ ਅੜੇ ਹੋਏ ਸਨ ਕਿ ਦੋਸ਼ੀ ਪੁਲਿਸ ਮੁਲਾਜ਼ਮਾਂ ‘ਤੇ ਕਤਲ ਦਾ ਮਾਮਲਾ ਦਰਜ ਹੋਵੇ, 25 ਲੱਖ ਮੁਆਵਜ਼ਾ ਮਿਲੇ ਤੇ ਬੱਚਿਆਂ ਨੂੰ ਫ੍ਰੀ ਸਿੱਖਿਆ ਤੇ ਸਰਕਾਰੀ ਨੌਕਰੀ ਦਿੱਤੀ ਜਾਵੇ। ਧਰਨੇ ‘ਤੇ ਬੈਠੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਕਿ ਮ੍ਰਿਤਕ ਬਲਵਿੰਦਰ ਸਿੰਘ ਨੂੰ CIA ਸਟਾਫ ਦੇ ਕਰਮਚਾਰੀਆਂ ਨੇ ਟਾਰਚਰ ਕੀਤਾ ਹੈ ਅਤੇ ਉਸ ਦੇ ਸਰੀਰ ‘ਤੇ ਕਰੰਟ ਲਗਾਇਆ ਹੈ ਜਿਸ ਕਾਰਨ ਉਸ ਦੀ ਮੌਤ ਪੁਲਿਸ ਹਿਰਾਸਤ ‘ਚ ਹੋਈ ਹੈ। ਜਦੋਂ ਕਿ ਪੁਲਿਸ ਦਾ ਕਹਿਣਾ ਹੈ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋਈ ਹੈ।
ਇਸ ਸਬੰਧੀ ਅੰਕੁਰ ਗੁਪਤਾ ਨੇ ਦੱਸਿਆ ਕਿ ਦੋਸ਼ੀ ਖਿਲਾਫ ਸਿੰਘ ਭਗਵੰਤਪੁਰ ਥਾਣੇ ‘ਚ FIR ਦਰਜ ਕੀਤੀ ਗਈ ਸੀ ਅਤੇ ਦੋਸ਼ੀ ਤੋਂ ਭੁੱਕੀ ਬਰਾਮਦ ਕੀਤੀ ਗਈ ਸੀ। ਦੋਸ਼ੀ ਨੂੰ ਪੁਲਿਸ ਰਿਮਾਂਡ ਨਾ ਮਿਲਣ ‘ਤੇ ਉਸ ਨੂੰ ਆਰਜੀ ਜੇਲ੍ਹ ਘਨੌਲੀ ‘ਚ ਰੱਖਿਆ ਸੀ। ਉਥੇ ਉਸ ਦੀ ਅਚਾਨਕ ਸਿਹਤ ਖਰਾਬ ਹੋਣ ‘ਤੇ ਉਸ ਨੂੰ ਸਿਵਲ ਹਸਪਤਾਲ ਰੋਪੜ ਦਾਖਲ ਕਰਵਾਇਆ ਗਿਆ ਜਿਥੋਂ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਉਥੇ ਪੁੱਜਣ ‘ਤੇ ਉਸ ਦੀ ਮੌਤ ਹੋ ਗਈ। ਲਾਸ਼ ਦਾ ਪੋਸਟਮਾਰਟਮ ਚੰਡੀਗੜ੍ਹ ‘ਚ ਬੋਰਡ ਵੱਲੋਂ ਕੀਤਾ ਗਿਆ ਹੈ ਤੇ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।