Owaisi takes jibe at PM: ਨਵੀਂ ਦਿੱਲੀ: ਕੋਰੋਨਾ ਵਾਇਰਸ ਅਤੇ ਚੀਨੀ ਘੁਸਪੈਠਾਂ ਸਮੇਤ ਹੋਰ ਮੁੱਦਿਆਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਲਗਾਤਾਰ ਸਵਾਲ ਚੁੱਕਣ ਵਾਲੇ AIMIM ਦੇ ਪ੍ਰਧਾਨ ਅਤੇ ਹੈਦਰਾਬਾਦ ਦੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕਸਿਆ ਹੈ । ਓਵੈਸੀ ਨੇ ਪ੍ਰਧਾਨ ਮੰਤਰੀ ਮੋਦੀ ਦੇ ਸੰਯੁਕਤ ਰਾਸ਼ਟਰ ਦੇ ਸੰਬੋਧਨ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦਫਤਰ (PMO) ਨੂੰ ਟੈਗ ਕੀਤਾ ਹੈ ਅਤੇ ਪੁੱਛਿਆ ਹੈ ਕਿ ਕੀ ਤੁਹਾਡੀ ਸਰਕਾਰ 80,000 ਕਰੋੜ ਰੁਪਏ ਦਾ ਪ੍ਰਬੰਧ ਕਰੇਗੀ।
ਇਸ ਸਬੰਧੀ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ PMO ਨੂੰ ਟੈਗ ਕਰਦਿਆਂ ਸ਼ਨੀਵਾਰ ਨੂੰ ਆਪਣੇ ਟਵੀਟ ਵਿੱਚ ਲਿਖਿਆ, “ਸਰ ਜੀ, ਕੀ ਤੁਹਾਡੀ ਸਰਕਾਰ 80,000 ਕਰੋੜ ਰੁਪਏ ਦਾ ਪ੍ਰਬੰਧ ਕਰੇਗੀ । ਸਰ ਥਾਲੀ, ਤਾੜੀ,ਲਾਈਟ ਬੰਦ, 21 ਦਿਨ? 93,379 ਦੀ ਮੌਤ । ਪਹਿਲਾਂ ਘਰ ਵਿੱਚ ਚਿਰਾਗ ਬਾਅਦ ਵਿੱਚ .. “
ਦਰਅਸਲ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਸੰਯੁਕਤ ਰਾਸ਼ਟਰ ਮਹਾਂਸਭਾ ਨੂੰ ਕੋਰੋਨਾ ਵਾਇਰਸ ਮਹਾਂਮਾਰੀ ਬਾਰੇ ਆਪਣੇ ਸੰਬੋਧਨ ਵਿੱਚ ਕਿਹਾ, “ਵਿਸ਼ਵ ਦੇ ਸਭ ਤੋਂ ਵੱਡੇ ਵੈਕਸੀਨ ਉਤਪਾਦਕ ਦੇਸ਼ ਹੋਣ ਦੇ ਨਾਤੇ ਮੈਂ ਅੱਜ ਵਿਸ਼ਵਵਿਆਪੀ ਭਾਈਚਾਰੇ ਨੂੰ ਇੱਕ ਹੋਰ ਭਰੋਸਾ ਦੇਣਾ ਚਾਹੁੰਦਾ ਹਾਂ। ਭਾਰਤ ਦੀ ਵੈਕਸੀਨ ਉਤਪਾਦਨ ਅਤੇ ਵੈਕਸੀਨ ਪੂਰਨ ਮਨੁੱਖਤਾ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਲਈ ਕੰਮ ਆਵੇਗੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੀ ਸਾਖ ਅਤੇ ਇਸ ਦੇ ਤਜ਼ਰਬੇ ਨੂੰ ਵਿਸ਼ਵ ਹਿੱਤ ਲਈ ਇਸਤੇਮਾਲ ਕਰਾਂਗੇ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ CEO ਅਦਾਰ ਪੂਨਾਵਾਲਾ ਨੇ ਸ਼ਨੀਵਾਰ ਨੂੰ ਸਰਕਾਰ ਤੋਂ ਇੱਕ ਵੱਡਾ ਸਵਾਲ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, “ਕੀ ਅਗਲੇ ਇੱਕ ਸਾਲ ਵਿੱਚ ਭਾਰਤ ਸਰਕਾਰ ਕੋਲ 80,000 ਕਰੋੜ ਰੁਪਏ ਹੋਣਗੇ? ਕਿਉਂਕਿ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਭਾਰਤ ਵਿੱਚ ਹਰੇਕ ਲਈ ਵੈਕਸੀਨ ਖਰੀਦਣ ਅਤੇ ਵੰਡਣ ਲਈ ਉਨੀ ਹੀ ਰਕਮ ਦੀ ਲੋੜ ਹੈ।” ਪੂਨਾਵਾਲਾ ਨੇ ਪ੍ਰਧਾਨ ਮੰਤਰੀ ਦਫ਼ਤਰ (PMO) ਨੂੰ ਟੈਗ ਕਰਦਿਆਂ ਲਿਖਿਆ, “ਇਹ ਅਗਲੀ ਚੁਣੌਤੀ ਹੈ ਜਿਸ ਨਾਲ ਸਾਨੂੰ ਨਜਿੱਠਣਾ ਹੈ।”