SAD is ready : ਰੋਪੜ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਰੋਪੜ ਵਿਖੇ ਹੋਈ ਮੀਟਿੰਗ ਦੌਰਾਨ ਕਿਹਾ ਕਿ ਉਹ 1 ਅਕਤੂਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਦਮਦਮਾ ਸਾਹਿਬ, ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋ ਕੇ ਕਿਸਾਨ ਮਾਰਚ ਸ਼ੁਰੂ ਕਰਨਗੇ ਤੇ ਇਸ ਮਾਰਚ ਨਾਲ ਉਹ ਪੂਰਾ ਦਿੱਲੀ ਹਿਲਾ ਕੇ ਰੱਖ ਦੇਣਗੇ। ਗਠਜੋੜ ਟੁੱਟਣ ਤੋਂ ਬਾਅਦ ਅਕਾਲੀ ਦਲ ਦਾ ਭਾਜਪਾ ਪ੍ਰਤੀ ਰੁਖ ਹੋਰ ਵੀ ਹਮਲਾਵਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹੀ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਕਿਸਾਨਾਂ ਦਾ ਸਾਥ ਦਿੱਤਾ ਹੈ ਤੇ ਇਨ੍ਹਾਂ ਖੇਤੀ ਬਿੱਲਾਂ ਨੂੰ ਬਿਨਾਂ ਕਿਸਾਨਾਂ ਦੇ ਸਮਰਥਨ ਤੋਂ ਕੇਂਦਰ ਵੱਲੋਂ ਪਾਸ ਕਰ ਦਿੱਤਾ ਗਿਆ।
ਸ. ਸੁਖਬੀਰ ਬਾਦਲ ਨੇ ਕਿਹਾ ਕਿ ਇਨ੍ਹਾਂ ਖੇਤੀ ਬਿੱਲਾਂ ਦਾ ਸਭ ਤੋਂ ਮਾੜਾ ਪ੍ਰਭਾਵ ਪੰਜਾਬ ‘ਤੇ ਹੀ ਪਵੇਗਾ ਕਿਉਂਕਿ ਪੰਜਾਬ ‘ਚ ਦੇਸ਼ ਦੇ ਸਭ ਤੋਂ ਵੱਧ ਕਿਸਾਨ ਰਹਿੰਦੇ ਹਨ। ਸ. ਬਾਦਲ ਨੇ ਕਿਹਾ ਕਿ ਕੇਂਦਰ ਵੱਲੋਂ ਦਲੀਲ ਦਿੱਤੀ ਜਾ ਰਹੀ ਹੈ ਕਿ ਇਨ੍ਹਾਂ ਖੇਤੀ ਬਿੱਲਾਂ ਨੂੰ ਪਾਸ ਕਰਨ ਤੋਂ ਪਹਿਲਾਂ ਮੀਟਿੰਗ ਕੀਤੀ ਗਈ ਸੀ ਤੇ ਇਸ ਮੀਟਿੰਗ ਵਿਚ ਸਿਰਫ 5 ਮੰਤਰੀ ਹੀ ਸ਼ਾਮਲ ਹੋਏ ਸਨ ਪਰ ਫਿਰ ਵੀ ਕੈਪਟਨ ਸਾਹਿਬ ਨੇ ਇਨ੍ਹਾਂ ਬਿੱਲਾਂ ਨੂੰ ਲੈ ਕੇ ਕੋਈ ਠੋਸ ਫੈਸਲਾ ਨਹੀਂ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਆਮ ਆਦਮੀ ਪਾਰਟੀ ਦੋਵੇਂ ਹੀ ਰਲੀਆਂ ਹੋਈਆਂ ਹਨ। ਇਸੇ ਲਈ ਸਦਨ ‘ਚ ਇਨ੍ਹਾਂ ਦੋਵਾਂ ਪਾਰਟੀਆਂ ਨੇ ਖੇਤੀ ਬਿੱਲਾਂ ਖਿਲਾਫ ਕੋਈ ਵੋਟਿੰਗ ਨਹੀਂ ਕੀਤੀ। ਭਗਵੰਤ ਮਾਨ ‘ਤੇ ਤੰਜ ਕੱਸਦੇ ਹੋਏ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਸਦਨ ‘ਚ ਬਿੱਲਾਂ ਨੂੰ ਲੈ ਕੇ ਕੋਈ ਵੋਟਿੰਗ ਨਹੀਂ ਹੋਈ, ਜੇ ਵੋਟਿੰਗ ਨਹੀਂ ਹੋਈ ਤਾਂ ਫਿਰ ਐਕਟ ਕਿਵੇਂ ਪਾਸ ਹੋ ਗਿਆ? ਸ. ਬਾਦਲ ਨੇ ਕਿਹਾ ਕਿ ਉਹ ਕਿਸਾਨਾਂ ਦੀ ਅਗਵਾਈ ਲਈ ਤਿਆਰ ਹਨ ਤੇ ਇਸੇ ਲਈ ਕਿਸਾਨਾਂ ਦੇ ਹੱਕ ‘ਚ SAD ਵੱਲੋਂ 1 ਅਕਤੂਬਰ ਨੂੰ ਕਿਸਾਨ ਮਾਰਚ ਕੱਢਿਆ ਜਾਵੇਗਾ।