Deputy Director promoted : ਜਲੰਧਰ : ਸਿਹਤ ਵਿਭਾਗ ਨੇ ਸਹੂਲਤਾਂ ਨੂੰ ਸਹੀ ਢੰਗ ਨਾਲ ਚਲਾਉਣ ਲਈ 9 ਸੀਨੀਅਰ ਮੈਡੀਕਲ ਅਫਸਰ (SMO) ਨੂੰ ਤਰੱਕੀ ਦੇ ਕੇ ਡਿਪਟੀ ਡਾਇਰੈਕਟਰ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਦੀ ਤਾਇਨਾਤੀ ਦੇ ਵੀ ਨਿਰਦੇਸ਼ ਦੇ ਦਿੱਤੇ ਹਨ। ਵਿਭਾਗ ਵੱਲੋਂ ਤਰੱਕੀ ਦਿੱਤੇ ਗਏ 9 ਡਿਪਟੀ ਡਾਇਰੈਕਟਰਾਂ ‘ਚੋਂ 3 ਜਲੰਧਰ ਤੋਂ ਹਨ। ਜਲੰਧਰ ਦੇ ਜਿਲ੍ਹਾ ਪਰਿਵਾਰ ਕਲਿਆਣ ਅਧਿਕਾਰ ਡਾ. ਸੁਰਿੰਦਰ ਕੁਮਾਰ ਨੂੰ ਤਰੱਕੀ ਦੇ ਕੇ ਸਿਵਲ ਸਰਜਨ ਕਪੂਰਥਲਾ ਲਗਾਇਆ ਗਿਆ ਹੈ।
ਸਿਹਤ ਵਿਭਾਗ ਦੇ ਮੁੱਖ ਸਕੱਤਰ ਹੁਸਨ ਲਾਲ ਵੱਲੋਂ ਜਾਰੀ ਹੁਕਮਾਂ ਮੁਤਾਬਕ ਡਾ.ਬਲਜੀਤ ਕੌਰ ਨੂੰ ਮੈਡੀਕਲ ਸੁਪਰਡੈਂਟ ਮਾਤਾ ਕੌਸ਼ੱਲਿਆ ਹਸਪਤਾਲ ਪਟਿਆਲਾ, ਡਾ. ਰਬਿੰਦਰ ਸਿੰਘ ਸੇਠੀ ਨੂੰ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਹੈੱਡ ਕੁਆਰਟਰ ਚੰਡੀਗੜ੍ਹ, ਡਾ. ਦਵਿੰਦਰ ਕੁਮਾਰ ਨੂੰ ਸਿਵਲ ਸਰਜਨ ਰੋਪੜ, ਡਾ. ਕਰਮ ਸਿੰਘ ਨੂੰ ਚੰਡੀਗੜ੍ਹ ਪ੍ਰਸ਼ਾਸਨ ‘ਚ ਡਿਪਟੀ ਡਾਇਰੈਕਟਰ, ਡਾ. ਵਰਿੰਦਰ ਪਾਲ ਜਗਤ ਨੂੰ ਸਿਵਲ ਸਰਜਨ ਗੁਰਦਾਸਪੁਰ ਤੇ ਡਾ. ਸਤਪਾਲ ਸਿੰਘ ਨੂੰ ਡਿਪਟੀ ਡਾਇਰੈਕਟਰ ਮੁੱਖ ਦਫਤਰ ਚੰਡੀਗੜ੍ਹ ‘ਚ ਤਾਇਨਾਤੀ ਦੇ ਹੁਕਮ ਦਿੱਤੇ ਗਏ ਹਨ।
ਡਾ. ਸੁਖਜੀਵਨ ਕੱਕੜ ਤੇ ਡਾ. ਕੁੰਦਨ ਕੁਮਾਰ ਪਾਲ ਦੀ ਤਾਇਨਾਤੀ ਦੇ ਹੁਕਮ ਬਾਅਦ ‘ਚ ਜਾਰੀ ਕੀਤੇ ਜਾਣਗੇ। ਇਹ ਅਧਿਕਾਰੀ 30 ਸਤੰਬਰ ਤੋਂ ਸੇਵਾਮੁਕਤ ਹੋਣ ਵਾਲੇ ਅਧਿਕਾਰੀਆਂ ਦੇ ਬਾਅਦ 1 ਅਕਤੂਬਰ ਨੂੰ ਕੰਮਕਾਰ ਸੰਭਾਲਣਗੇ। ਸਿਹਤ ਵਿਭਾਗ ਵੱਲੋਂ ਸੇਵਾ ਵਾਧੇ ਦੌਰਾਨ 60 ਸਾਲ ਤੋਂ ਵੱਧ ਉਮਰ ਦੇ ਡਾਕਟਰਾਂ ਨੂੰ ਸੇਵਾਮੁਕਤ ਕਰਨ ਦਾ ਫੈਸਲਾ ਲਿਆ ਗਿਆ ਹੈ।