UK PM Boris Johnson: ਇੰਗਲੈਂਡ ਵਿੱਚ ਕੋਰੋਨਾ ਵਾਇਰਸ ਨਾਲ ਹਾਲਾਤ ਤੇਜ਼ੀ ਨਾਲ ਵਿਗੜਦੇ ਦਿਖਾਈ ਦੇ ਰਹੇ ਹਨ। ਸੰਕ੍ਰਮਣ ਦੀ ਦਰ ਦੇ ਹੌਲੀ ਪੈਣ ਦੇ ਬਾਅਦ ਫਿਰ ਇਸ ਵਿੱਚ ਤੇਜ਼ੀ ਆ ਰਹੀ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਹਾਲਤ ਨੂੰ ਖਤਰਨਾਕ ਮੋੜ ਦੱਸਦਿਆਂ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇੰਗਲੈਂਡ ਵਿੱਚ ਇਹ ਪਾਬੰਦੀਆਂ ਅਗਲੇ 6 ਮਹੀਨੇ ਤੱਕ ਲਈ ਹੋਣਗੀਆਂ ਜਦੋਂ ਤੱਕ ਕਿ ਹਾਲਾਤ ਸਧਾਰਨ ਨਹੀਂ ਹੋ ਜਾਂਦੇ।
ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਜਿਹੜੀਆਂ ਪਾਬੰਦੀਆਂ ਦਾ ਐਲਾਨ ਹੋਇਆ ਹੈ ਉਨ੍ਹਾਂ ਵਿੱਚ ਦਫਤਰ ਆਦਿ ਬਾਹਰੀ ਇਲਾਕੇ ਵਿੱਚ ਕੰਮ ਨਾ ਕਰਦੇ ਹੋਏ ਘਰ ਤੋਂ ਕੰਮ ਕਰਨ ਨੂੰ ਤਰਜੀਹ ਦਿੱਤੀ ਗਈ ਹੈ । ਬਾਰ ਅਤੇ ਰੈਸਟੋਰੈਂਟ ਨੂੰ ਹਰ ਹਾਲ ਵਿੱਚ ਰਾਤ 10 ਵਜੇ ਤੱਕ ਬੰਦ ਕਰ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਦੀ ਸੇਵਾ ਟੇਬਲ ਸਰਵਿਸ ਤੱਕ ਹੀ ਸੀਮਤ ਹੋਵੇਗੀ। ਰਿਟੇਲ ਸਟਾਫ ਤੋਂ ਲੈਕੇ ਟੈਕਸੀ ਅਤੇ ਪ੍ਰਾਈਵੇਟ ਹਾਇਰ ਵ੍ਹੀਕਲ ਦੇ ਸਟਾਫ ਨੂੰ ਫੇਸ ਮਾਸਕ ਪਾਉਣਾ ਲਾਜਮੀ ਹੋਵੇਗਾ । ਰੈਸਟੋਰੈਂਟ ਵਿੱਚ ਵੀ ਮਾਸਕ ਲਾਜਮੀ ਹੈ, ਇਹ ਸਿਰਫ ਖਾਂਦੇ ਸਮੇਂ ਉਤਾਰੇ ਜਾ ਸਕਦੇ ਹਨ । 28 ਸਤੰਬਰ ਦੇ ਬਾਅਦ ਤੋਂ ਇੰਗਲੈਂਡ ਵਿੱਚ ਕਿਸੇ ਵਿਆਹ ਵਿੱਚ 15 ਤੋਂ ਵੱਧ ਮਹਿਮਾਨ ਸ਼ਾਮਿਲ ਨਹੀਂ ਹੋ ਸਕਣਗੇ।
ਇੰਗਲੈਂਡ ਵਿੱਚ ਸੋਮਵਾਰ ਤੋਂ ਇਹ ਨਿਯਮ ਲਾਗੂ ਹੋ ਗਿਆ ਕਿ ਜਿਹੜੇ ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾਣਗੇ, ਉਨ੍ਹਾਂ ਲਈ ਕਾਨੂੰਨੀ ਤੌਰ ‘ਤੇ ਇਕਾਂਤਵਾਸ ਹੋਣਾ ਲਾਜਮੀ ਹੋਵੇਗਾ । ਅਜਿਹੇ ਲੋਕ ਵੀ ਇਕਾਂਤਵਾਸ ਵਿੱਚ ਰਹਿਣਗੇ ਜੋ ਕਿਸੇ ਕੋਰੋਨਾ ਮਰੀਜ਼ ਦੇ ਸੰਪਰਕ ਵਿੱਚ ਆਏ ਹਨ। ਇੰਨਾ ਹੀ ਨਹੀਂ ਜੇਕਰ ਕੋਈ ਸ਼ਖਸ ਸੈਲਫ ਇਕਾਂਤਵਾਸ ਹੋਣ ਤੋਂ ਮਨਾ ਕਰਦਾ ਹੈ ਤਾਂ ਉਸ ‘ਤੇ 10 ਹਜ਼ਾਰ ਪੌਂਡ ਦਾ ਜੁਰਮਾਨਾ ਹੋ ਸਕਦਾ ਹੈ। ਸੈਲਫ ਇਕਾਂਤਵਾਸ ਦੇ ਨਿਯਮਾਂ ਅਨੁਸਾਰ ਪਾਜ਼ੀਟਿਵ ਵਿਅਕਤੀ ਅਗਲੇ 10 ਦਿਨ ਤੱਕ ਆਪਣਾ ਘਰ ਨਹੀਂ ਛੱਡ ਸਕਦਾ। ਇੱਥੋਂ ਤੱਕ ਕਿ ਉਸ ਨੂੰ ਜ਼ਰੂਰੀ ਸਾਮਾਨ ਖਰੀਦਣ ਲਈ ਬਾਹਰ ਆਉਣ ਦੀ ਇਜਾਜ਼ਤ ਨਹੀਂ ਹੈ।
ਦੱਸ ਦੇਈਏ ਕਿ ਇਹ ਸਖਤ ਪਾਬੰਦੀਆਂ ਇਸ ਲਈ ਲਗਾਈਆਂ ਗਈਆਂ ਹਨ ਕਿਉਂਕਿ ਇੱਕ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਇੰਗਲੈਂਡ ਵਿੱਚ ਲੋਕ ਕਾਫੀ ਹੱਦ ਤੱਕ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇੰਗਲੈਂਡ ਵਿੱਚ ਕੋਰੋਨਾ ਨਿਯਮਾਂ ਦੀ ਸਖਤੀ ਨਾਲ ਪਾਲਣਾ ਹੋਵੇ, ਇਸ ਲਈ ਪੁਲਿਸ ਪ੍ਰਸ਼ਾਸਨ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ। ਲੋੜ ਪੈਣ ‘ਤੇ ਫੌਜ ਨੂੰ ਵੀ ਲਗਾਇਆ ਜਾ ਸਕਦਾ ਹੈ।