The question of : ਮੋਗਾ : ਕੇਂਦਰ ਸਰਕਾਰ ਬੇਸ਼ੱਕ ਅਨਲਾਕ-5 ‘ਚ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦੇਵੇ ਪਰ ਪੰਜਾਬ ‘ਚ ਅਜੇ ਸਕੂਲ ਨਹੀਂ ਖੋਲ੍ਹੇ ਜਾਣਗੇ। ਮੰਗਲਵਾਰ ਨੂੰ ਇਹ ਗੱਲ ਸੂਬੇ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਹੀ। ਉਹ ਜ਼ਿਲ੍ਹੇ ਦੇ ਕਸਬਾ ਬੱਧੀ ਕਲਾਂ ਮਾਰਕੀਟ ਕਮੇਟੀ ਦੇ ਦਫਤਰ ‘ਚ ਕਾਂਗਰਸ ਪਾਰਟੀ ਦੇ ਵਰਕਰਾਂ ਨਾਲ ਬੈਠਕ ‘ਚ ਸ਼ਾਮਲ ਹੋਣ ਆਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਜਦੋਂ ਤੱਕ ਕੋਰੋਨਾ ਦਾ ਸੰਕਟ ਖਤਮ ਨਹੀਂ ਹੋ ਜਾਂਦਾ, ਸਕੂਲ ਖੋਲ੍ਹਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।
ਦਰਅਸਲ, ਦੇਸ਼ ਦੇ ਕਈ ਹਿੱਸਿਆਂ ‘ਚ ਸਰਕਾਰ ਵੱਲੋਂ ਸਕੂਲ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਇਨ੍ਹਾਂ ‘ਚੋਂ ਗੁਆਂਢੀ ਰਾਜ ਹਰਿਆਣਾ ਵੀ ਹੈ। ਪੰਜਾਬ ‘ਚ ਵੀ ਸਕੂਲਾਂ ਨੂੰ ਖੋਲ੍ਹੇ ਜਾਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਪਹਿਲਾਂ ਜਿਥੇ 21 ਸਤੰਬਰ ਨੂੰ ਸਕੂਲ ਖੋਲ੍ਹਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਉਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਸਾਫ ਕਿਹਾ ਸੀ ਕਿ ਇਸ ‘ਤੇ ਫੈਸਲਾ 30 ਸਤੰਬਰ ਤੋਂ ਬਾਅਦ ਲਿਆ ਜਾਵੇਗਾ। ਅਜੇ ਸਕੂਲਾਂ ਨੂੰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਫੈਸਲੇ ‘ਚ ਸੋਧ ਕਰਦੇ ਹੋਏ ਇਸ ਨੂੰ ਡਿਪਟੀ ਕਮਿਸ਼ਨਰ ਉਪਰ ਛੱਡਿਆ ਸੀ।
ਮੰਗਲਵਾਰ ਨੂੰ ਸਿੱਖਿਆ ਮੰਤਰੀ ਵਿਜੈਇੰਦਰ ਨੇ ਸਾਫ ਕਰ ਦਿੱਤਾ ਕਿ ਅਜੇ ਸੂਬੇ ‘ਚ ਸਕੂਲ ਨਹੀਂ ਖੋਲ੍ਹੇ ਜਾਣਗੇ। ਅਸੀਂ ਛੋਟੇ ਬੱਚਿਆਂ ਨੂੰ ਖਤਰੇ ‘ਚ ਨਹੀਂ ਧੱਕ ਸਕਦੇ ਤੇ ਨਾ ਹੀ ਆਪਣੇ ਭਵਿੱਖ ਰੂਪੀ ਬੱਚਿਆਂ ਸਬੰਧੀ ਕੋਈ ਵੀ ਲਾਪ੍ਰਵਾਹੀ ਕਰ ਸਕਦੇ ਹਾਂ। ਇਸ ਸਮੇਂ ਕੋਰੋਨਾ ਆਪਣੀ ਚਰਮ ਸੀਮਾ ‘ਤੇ ਹੈ ਅਤੇ ਇਸ ਲਈ ਹੁਣ ਤਕ ਕੋਈ ਵੈਕਸੀਨ ਵੀ ਨਹੀਂ ਆਈ ਹੈ। ਸਿਹਤ ਵਿਭਾਗ ਵੱਲੋਂ ਮਿਲੇ ਨਿਰਦੇਸ਼ਾਂ ਮੁਤਾਬਕ ਸਾਵਧਾਨੀਆਂ ਨੂੰ ਅਪਨਾ ਕੇ ਹੀ ਅਸੀਂ ਆਪਣਾ ਬਚਾਅ ਕਰ ਸਕੇ ਹਾਂ। ਜੇਕਰ ਸਮਾਂ ਰਹਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੌਕਡਾਊਨ ਦਾ ਸਹੀ ਫੈਸਲਾ ਨਾ ਲਿਆ ਹੁੰਦਾ ਤਾਂ ਇਸ ਦੇ ਬਹੁਤ ਹੀ ਬੁਰੇ ਨਤੀਜੇ ਸਾਹਮਣੇ ਆਉਣੇ ਸਨ।