Government issues new : ਫਤਿਹਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਵਿਦੇਸ਼ਾਂ ਤੋਂ ਸੂਬੇ ‘ਚ ਆਉਣ ਵਾਲਿਆਂ ਲਈ ਹੁਣ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਸ ਤਹਿਤ ਸੜਕ ਜਾਂ ਹਵਾਈ ਆਵਾਜਾਈ ਰਾਹੀਂ ਪੰਜਾਬ ਅੰਦਰ ਆਉਂਦੇ ਹਨ, ਲਈ www.newdelhiairport.in ‘ਤੇ ਸਵੈ ਐਲਾਨ ਪੱਤਰ ਜਮ੍ਹਾ ਕਰਵਾਉਣੇ ਹੋਣਗੇ, ਜਿਨ੍ਹਾਂ ‘ਚ ਉਨ੍ਹਾਂ ਦੀ ਸਿਹਤ ਸਬੰਧੀ ਪਰਸਨਲ ਵੇਰਵਾ ਸ਼ਾਮਲ ਹੋਵੇਗਾ ਤੇ ਇਸ ਦੀ ਇੱਕ ਕਾਪੀ ਸੂਬਾ ਅਧਿਕਾਰੀਆਂ ਨੂੰ ਵੀ ਦਿੱਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਡੀ. ਸੀ. ਅਨੁਪ੍ਰਿਤਾ ਜੌਹਲ ਨੇ ਦੱਸਿਆ ਕਿ ਸਿਰਫ ਉਹ ਵਿਦੇਸ਼ੀ ਹੀ ਪੰਜਾਬ ‘ਚ ਆ ਕੇ ਹੋਮ ਕੁਆਰੰਟਾਈਨ ਹੋ ਸਕਣਗੇ ਜੋ ਪੰਜਾਬ ਅੰਦਰ ਆਉਣ ਤੋਂ ਪਹਿਲਾਂ ਆਪਣੀ ਨੈਗੇਟਿਵ RTPCR ਰਿਪੋਰਟ ਪੋਰਟਲ ‘ਤੇ ਜਮ੍ਹਾ ਕਰਵਾਉਣਗੇ ਤੇ ਇਸ ਦੀ ਇੱਕ ਕਾਪੀ ਅਧਿਕਾਰੀਆੰ ਨੂੰ ਸੌਂਪਣਗੇ। ਉਨ੍ਹਾਂ ਲਈ ਕੋਵਾ ਐਪ ਨੂੰ ਡਾਊਨਲੋਡ ਕਰਨਾ ਵੀ ਲਾਜ਼ਮੀ ਹੋਵੇਗਾ। ਜੇਕਰ ਮੁਸਾਫਰ ‘ਚ ਕੋਰੋਨਾ ਦਾ ਕਿਸੇ ਤਰ੍ਹਾਂ ਦਾ ਕੋਈ ਲੱਛਣ ਪਾਇਆ ਜਾਂਦਾ ਹੈ ਤਾਂ ਉਹ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਜਾਣਕਾਰੀ ਦੇਵੇਗਾ ਤੇ 5ਵੇਂ ਦਿਨ ਉਸ ਦਾ ਕੋਰੋਨਾ ਟੈਸਟ ਕੀਤਾ ਜਾਵੇਗਾ ਤੇ ਜੇਕਰ ਟੈਸਟ ਨੈਗੇਟਿਵ ਆਉਂਦਾ ਹੈ ਤਾਂ ਉਹ ਉਸ ਦਾ ਏਕਾਂਤਵਾਸ ਖਤਮ ਹੋ ਸਕਦਾ ਹੈ।
ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜਿਹੜੇ ਮੁਸਾਫਰ RTPCR ਦੀ ਰਿਪੋਰਟ ਜਮ੍ਹਾ ਨਹੀਂ ਕਰਵਾ ਸਕਣਗੇ ਉਨ੍ਹਾਂ ਦੀ ਰੈਪਿਡ ਐਂਟੀਜਨ ਟੈਸਟਿੰਗ ਹੋਵੇਗੀ ਤੇ ਜੇਕਰ ਉਨ੍ਹਾਂ ਦੀ ਰਿਪੋਰਟ ਪਾਜੀਟਿਵ ਪਾਈ ਜਾਂਦੀ ਹੈ ਤਾਂ ਉਨ੍ਹਾਂ ਦਾ ਇਲਾਜ ਕੋਵਿਡ-19 ਮੈਨੇਜਮੈਂਟ ਪ੍ਰੋਟੋਕੋਲ ਅਨੁਸਾਰ ਹੋਵੇਗਾ ਤੇ ਜੇਕਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਘਰ ‘ਚ ਹੀ ਕੁਆਰੰਟਾਈਨ ਹੋਣ ਦੀ ਆਗਿਆ ਦਿੱਤੀ ਜਾਵੇਗੀ ਤੇ 5ਵੇਂ ਦਿਨ ਉਨ੍ਹਾਂ ਦਾ ਦੁਬਾਰਾ ਟੈਸਟ ਕੀਤਾ ਜਾਵੇਗਾ ਤੇ ਰਿਪੋਰਟ ਨੈਗੇਟਿਵ ਆਉਣ ‘ਤੇ ਹੀ ਉਨ੍ਹਾਂ ਦਾ ਏਕਾਂਤਵਾਸ ਖਤਮ ਹੋ ਸਕਦਾ ਹੈ ਤੇ ਜੇ ਅਗਲੇ 7 ਦਿਨਾਂ ਦੌਰਾਨ ਜੇਕਰ ਉਨ੍ਹਾਂ ‘ਚ ਕੋਰੋਨਾ ਦਾ ਕੋਈ ਲੱਛਣ ਦੇਖਣ ਨੂੰ ਮਿਲਦਾ ਹੈ ਤਾਂ ਉਹ ਤੁਰੰਤ ਜਿਲ੍ਹਾ ਪ੍ਰਸ਼ਾਸਨ ਨੂੰ ਇਸ ਸਬੰਧੀ ਰਿਪੋਰਟ ਦੇਣਗੇ। ਇਸ ਤੋਂ ਇਲਾਵਾ ਜੋ ਮੁਸਾਫਰ ਪੰਜਾਬ ‘ਚ ਆਉਣ ਤੋਂ ਬਾਅਦ 72 ਘੰਟਿਆਂ ‘ਚ ਹੀ ਵਾਪਸ ਚਲੇ ਜਾਣਗੇ ਉਨ੍ਹਾਂ ‘ਤੇ ਇਹ ਪ੍ਰੋਟੋਕੋਲ ਲਾਗੂ ਨਹੀਂ ਹੋਵੇਗਾ।