The young man : ਬਟਾਲਾ : ਵਿਅਕਤੀ ਦੇ ਮਨ ‘ਚ ਜੇਕਰ ਕੁਝ ਕਰਨ ਦੀ ਚਾਹ ਹੋਵੇ ਤਾਂ ਉਹ ਆਪਣੀ ਲਗਨ ਤੇ ਮਿਹਨਤ ਨਾਲ ਉਸ ਨੂੰ ਜਲਦ ਹੀ ਹਾਸਲ ਕਰ ਸਕਦਾ ਹੈ। ਅਜਿਹੀ ਹੀ ਉਦਾਹਰਣ ਪੇਸ਼ ਕੀਤੀ ਹੈ ਬਟਾਲਾ ਦੇ ਰਹਿਣ ਵਾਲੇ ਨੌਜਵਾਨ ਨੇ ਜਿਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ‘ਚ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਬਟਾਲਾ ਦਾ ਰਹਿਣ ਵਾਲਾ ਅਭਿਸ਼ੇਕ ਤ੍ਰੇਹਣ ਜਿਸ ਨੇ ਬਟਾਲਾ ਦੇ ਬੇਰਿੰਗ ਕਾਲਜ ਤੋਂ B.Sc., IT ਤੱਕ ਸਿੱਖਿਆ ਹਾਸਲ ਕੀਤੀ ਹੈ। ਮੌਜੂਦਾ ਸਮੇਂ ‘ਚ ਉਹ ਸਾਫਟਵੇਅਰ ਤੇ ਵੈੱਬਸਾਈਟ ਬਣਾਉਣ ਦਾ ਕੰਮ ਕਰਦਾ ਹੈ। ਅਭਿਸ਼ੇਕ ਤ੍ਰੇਹਣ ਨੇ ਆਪਣੇ ਮਾਪਿਆਂ ਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ। ਅਭਿਸ਼ੇਕ ਨੇ ਬਹੁਤ ਸਾਰੇ ਆਨਲਾਈਨ ਕੰਪਿਊਟਰ ਟਾਈਪ ਦੇ ਨੈਸ਼ਨਲ ਲੈਵਲ ਦੇ ਕੰਪਿਊਟਰ ਸਪੀਡ ਮੁਕਾਬਲਿਆਂ ‘ਚ ਹਿੱਸਾ ਲਿਆ ਹੋਇਆ ਹੈ ਤੇ ਇਸ ਵਾਰ ਉਸ ਨੇ ਅੱਖਾਂ ‘ਤੇ ਪੱਟੀ ਬੰਨ੍ਹ ਕੇ ਹਰ ਅੱਖਰ ‘ਚ ਸਪੇਸ ਪਾ ਕੇ ਪੂਰੇ ਅੰਗਰੇਜ਼ੀ ਅਲਫਾਬੇਟ ਨੂੰ ਸਿਰਫ 3.64 ਸੈਕੰਡ ਦੇ ਸਮਾਂ ਵਕਫੇ ‘ਚ ਟਾਈਪ ਕਰਕੇ ਆਪਣਾ ਨਾਂ ਇੰਡੀਆ ਬੁੱਕ ਆਫ ਰਿਕਾਰਡ ‘ਚ ਦਰਜ ਕਰਵਾਇਆ ਹੈ। ਇਹ ਸਾਰਾ ਕੁਝ ਉਸ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ।
ਅਭਿਸ਼ੇਕ ਦਾ ਜਨਮ ਬਟਾਲਾ ਦੇ ਪਵਨ ਤ੍ਰੇਹਣ ਅਤੇ ਵੀਨਾ ਕੁਮਾਰੀ ਦੇ ਘਰ ਹੋਇਆ। ਅਭਿਸ਼ੇਕ ਨੂੰ ਬਚਪਨ ਤੋਂ ਹੀ ਕੰਪਿਊਟਰ ਚਲਾਉਣ ਦਾ ਬਹੁਤ ਸ਼ੌਕ ਸੀ। ਉਸ ਨੇ 8ਵੀਂ ‘ਚ ਹੀ ਫੇਸਬੁੱਕ ਵਰਗੀ ਵੈੱਬਸਾਈਟ ਬਣਾਈ ਸੀ ਅਤੇ ਹੁਣ ਤਕ ਉਹ ਹੋਰ ਬਹੁਤ ਸਾਰੀਆਂ ਵੈੱਬਸਾਈਟਾਂ ਬਣਾ ਚੁੱਕਾ ਹੈ। ਅਭਿਸ਼ੇਕ ਨੇ ਦੱਸਿਆ ਕਿ ਉਸ ਨੇ ਆਪਣੇ ਇਸ ਸਪੀਡ ਟੈਸਟ ਦੀ ਵੀਡੀਓ ਗਿੰਨੀਜ਼ ਵਰਲਡ ਰਿਕਾਰਡ ਵਾਸਤੇ ਵੀ ਭੇਜੀ ਹੋਈ ਹੈ ਜਿਸ ਦਾ ਰਿਜ਼ਲਟ ਆਉਣਾ ਅਜੇ ਬਾਕੀ ਹੈ। ਰਿਜ਼ਲਟ 27 ਦਸੰਬਰ ਨੂੰ ਆਏਗਾ ਤੇ ਉਸ ਨੂੰ ਪੂਰੀ ਉਮੀਦ ਹੈ ਕਿ ਉਹ ਆਪਣਾ ਨਾਂ ਗਿਨੀਜ਼ ਬੁੱਕ ਆਫ ਰਿਕਾਰਡ ‘ਚ ਦਰਜ ਕਰਵਾ ਲਵੇਗਾ।