Lt Gen Harinder Singh: ਨਵੀਂ ਦਿੱਲੀ: ਪੂਰਬੀ ਲੱਦਾਖ ਵਿੱਚ ਸਰਹੱਦੀ ਰੁਕਾਵਟ ‘ਤੇ ਚੀਨੀ ਫੌਜ ਨਾਲ ਛੇ ਦੌਰ ਦੀ ਗੱਲਬਾਤ ਦੀ ਅਗਵਾਈ ਕਰਨ ਵਾਲੇ ਲੇਹ ਵਿਖੇ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੂੰ ਵੱਕਾਰੀ ਇੰਡੀਅਨ ਮਿਲਟਰੀ ਅਕੈਡਮੀ (IMA) ਦਾ ਮੁਖੀ ਨਿਯੁਕਤ ਕੀਤਾ ਗਿਆ ਹੈ । ਸਰਕਾਰੀ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਉਹ ਮੌਜੂਦਾ ਅਹੁਦੇ ਨੂੰ ਅੱਧ ਅਕਤੂਬਰ ਤੱਕ ਛੱਡ ਕੇ IMA ਦੇ ਕਮਾਂਡੈਂਟ ਦਾ ਕਾਰਜਭਾਰ ਸੰਭਾਲਣਗੇ, ਜਿਸ ਵਿੱਚ ਉਹ ਇੱਕ ਸਾਲ ਤੋਂ ਹਨ ।

ਸੂਤਰਾਂ ਨੇ ਦੱਸਿਆ ਕਿ ਲੈਫਟੀਨੈਂਟ ਜਨਰਲ ਪੀਜੇਕੇ ਮੈਨਨ 14ਵੀਂ ਕੋਰ ਦੇ ਮੁਖੀ ਦੇ ਤੌਰ ‘ਤੇ ਲੈਫਟੀਨੈਂਟ ਜਨਰਲ ਸਿੰਘ ਦੀ ਜਗ੍ਹਾ ਲੈਣਗੇ। ਲੈਫਟੀਨੈਂਟ ਜਨਰਲ ਸਿੰਘ 14ਵੀਂ ਕੋਰ ਦੇ ਮੁੱਖੀ ਵਜੋਂ ਲੱਦਾਖ ਵਿੱਚ ਪੂਰੀ ਤਿਆਰੀ ਦੀ ਨਿਗਰਾਨੀ ਕਰ ਰਹੇ ਹਨ।

ਦੱਸ ਦੇਈਏ ਕਿ ਉਹ ਚੀਨੀ ਸੈਨਿਕਾਂ ਦੇ ਹਮਲਾਵਰ ਵਿਵਹਾਰ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਅਹਿਮ ਫੈਸਲੇ ਦੀ ਪ੍ਰਕਿਰਿਆ ਦਾ ਹਿੱਸਾ ਵੀ ਰਹੇ ਹਨ। ਸੂਤਰਾਂ ਨੇ ਦੱਸਿਆ ਕਿ ਜੇਕਰ ਕੋਰ ਕਮਾਂਡਰ ਦੀ ਗੱਲਬਾਤ ਦਾ ਸੱਤਵਾਂ ਦੌਰ ਅਕਤੂਬਰ ਦੇ ਅੱਧ ਤੋਂ ਪਹਿਲਾਂ ਹੋਇਆ ਤਾਂ ਸਿੰਘ ਇਸ ਵਿੱਚ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰਨਗੇ।






















