Take care of the saplings : ਕੋਰੋਨਾ ਦੌਰਾਨ ਆਪਣੀ ਡਿਊਟੀ ਨਿਭਾ ਕੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਣ ਵਾਲੇ ਪੁਲਿਸ ਮੁਲਾਜ਼ਮਾਂ ’ਤੇ ਪੱਥਰ ਸੁੱਟਣ ਲਈ ਉਕਸਾਉਣ ਦੇ ਦੋਸ਼ੀ ਨੂੰ ਹਾਈਕੋਰਟ ਨੇ ਇੱਕ ਅਨੋਖੀ ਸ਼ਰਤ ਦੇ ਨਾਲ ਜ਼ਮਾਨਤ ਦੇ ਦਿੱਤੀ ਹੈ, ਜਿਸ ਮੁਤਾਬਕ ਉਸ ਦੀ ਪੇਸ਼ਗੀ ਜ਼ਮਾਨਤ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਉਹ ਦਸ ਪੌਦੇ ਲਗਾ ਕੇ ਦੋ ਸਾਲਾਂ ਤੱਕ ਉਨ੍ਹਾਂ ਦੀ ਦੇਖਭਾਲ ਕਰੇਗਾ।
ਪਟੀਸ਼ਨ ਦਾਖਲ ਕਰਦੇ ਹੋਏ ਧਰਮਿੰਦਰ ਨੇ ਦੱਸਿਆ ਕਿ ਐਫਆਈਆਰ ਦੇ ਅਨੁਸਾਰ 18 ਮਈ ਨੂੰ ਸਾਰੰਗਪੁਰ ਵਿੱਚ ਲੋਕ ਇਕੱਠੇ ਹੋਏ ਸਨ। ਇਹ ਸਾਰੇ ਲੋਕ ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕਣ ਦਾ ਵਿਰੋਧ ਕਰ ਰਹੇ ਸਨ। ਕੋਰੋਨਾ ਸੰਕਟ ਕਾਰਨ ਪੁਲਿਸ ਨੇ ਉਨ੍ਹਾਂ ਨੂੰ ਇਸ ਲਈ ਰੋਕਿਆ ਸੀ। ਇਸ ਦੌਰਾਨ ਪੈਟਰੋਲਿੰਗ ਕਰਨ ਵਾਲੀ ਪੁਲਿਸ ਪਾਰਟੀ ਉਥੇ ਪਹੁੰਚੀ ਅਤੇ ਪਟੀਸ਼ਨਕਰਤਾ ਤੇ ਹੋਰਨਾਂ ਨੇ ਭੀੜ ਨੂੰ ਪੁਲਿਸ ’ਤੇ ਪੱਥਰ ਮਾਰਨ ਲਈ ਭੜਕਾਇਆ। ਇਸ ਕਾਰਨ ਕਈ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿਸ ਕਾਰਨ ਹੈੱਡ ਕਾਂਸਟੇਬਲ ਲਖਵਿੰਦਰ ਦੀ ਸ਼ਿਕਾਇਤ ‘ਤੇ ਐਫਆਈਆਰ ਦਰਜ ਕੀਤੀ ਗਈ। ਪਟੀਸ਼ਨਕਰਤਾ ਨੇ ਕਿਹਾ ਕਿ ਉਸ ਦਾ ਨਾ ਤਾਂ ਭੀੜ ਨਾਲ ਕੋਈ ਲੈਣਾ ਦੇਣਾ ਸੀ ਅਤੇ ਨਾ ਹੀ ਉਸਨੇ ਕਿਸੇ ਨੂੰ ਭੜਕਾਇਆ ਸੀ। ਉਹ ਮਜ਼ਦੂਰੀ ਕਰਕੇ ਪਰਿਵਾਰ ਪਾਲਣ ਵਾਲਾ ਵਿਅਕਤੀ ਹੈ ਅਤੇ ਘਟਨਾ ਦੀ ਵੀਡੀਓ ਬਣਾ ਰਿਹਾ ਸੀ ਜੋ ਪੁਲਿਸ ਨੂੰ ਪਸੰਦ ਨਹੀਂ ਆਇਆ ਅਤੇ ਉਸ ਨੂੰ ਇਸ ਮਾਮਲੇ ਵਿੱਚ ਫਸਾ ਦਿੱਤਾ ਗਿਆ।
ਪਟੀਸ਼ਨਕਰਤਾ ਨੇ ਕਿਹਾ ਕਿ ਉਹ ਜਾਂਚ ਵਿਚ ਸ਼ਾਮਲ ਰਿਹਾ ਹੈ ਅਤੇ ਅਜਿਹੇ ਕੇਸ ਵਿਚ ਉਸ ਦੀ ਅੰਤਰਿਮ ਜ਼ਮਾਨਤ ਨੂੰ ਪੇਸ਼ਗੀ ਜ਼ਮਾਨਤ ਵਜੋਂ ਪ੍ਰਵਾਨ ਕੀਤਾ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਪਟੀਸ਼ਨਕਰਤਾ ਨੂੰ ਪੇਸ਼ਗੀ ਜ਼ਮਾਨਤ ਦਾ ਲਾਭ ਦਿੱਤਾ ਹੈ। ਨਾਲ ਹੀ ਇਹ ਸ਼ਰਤ ਵੀ ਰਖੀ ਹੈ ਕਿ ਪਟੀਸ਼ਨਕਰਤਾ ਨੂੰ ਦਸ ਬੂਟੇ ਲਗਾਉਣੇ ਪੈਣਗੇ ਅਤੇ ਦੋ ਸਾਲਾਂ ਤੱਕ ਉਨ੍ਹਾਂ ਦੀ ਦੇਖਭਾਲ ਕਰਨੀ ਪਵੇਗੀ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਸਾਰੰਗਪੁਰ ਥਾਣੇ ਦੇ ਐਸਐਚਓ ਉਨ੍ਹਾਂ ਖਿਲਾਫ ਕਾਰਵਾਈ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕਰ ਸਕਦੇ ਹਨ।