Senior police officer : ਅੰਮ੍ਰਿਤਸਰ : ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਲੰਧਰ ‘ਚ ਤਾਇਨਾਤ ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਤੀ ਰਾਤ ਅੰਮ੍ਰਿਤਸਰ ਵਿਖੇ ਪੁਤਲੀਘਰ ਨੇੜੇ ਆਪਣੀ ਰਿਹਾਇਸ਼ ‘ਤੇ ਖੁਦਕੁਸ਼ੀ ਕਰ ਲਈ। ਪਤਾ ਲੱਗਾ ਹੈ ਕਿ ਉਨ੍ਹਾਂ ਨੇ ਆਪਣੀ ਸਰਵਿਸ ਪਿਸਤੌਲ ਨਾਲ ਇਸ ਕੰਮ ਨੂੰ ਅੰਜਾਮ ਦਿੱਤਾ ਹੈ। ਮ੍ਰਿਤਕ ਦੀ ਪਛਾਣ ਸ਼ਿਵਚਰਨ ਵਜੋਂ ਹੋਈ ਹੈ। ਸ਼ਿਵਚਰਨ ਉਂਝ ਤਾਂ ਅੰਮ੍ਰਿਤਸਰ ਦਾ ਰਹਿਣ ਵਾਲਾ ਸੀ ਪਰ ਉਨ੍ਹਾਂ ਦੀ ਡਿਊਟੀ ਜਲੰਧਰ ਦੇ ਪੀ. ਏ. ਪੀ. ‘ਚ ਲੱਗੀ ਹੋਈ ਸੀ।
ਜਿਵੇਂ ਹੀ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਮਿਲੀ ASI ਦਵਿੰਦਰ ਸਿੰਘ ਮੌਕੇ ‘ਤੇ ਪੁੱਜੇ ਅਤੇ ਉਨ੍ਹਾਂ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ। ਸੁਸਾਈਡ ਕਰਨ ਵਾਸਤੇ ਪੁਲਿਸ ਅਧਿਕਾਰੀ ਵਲੋਂ ਵਰਤੀ ਗਈ ਸਰਵਿਸ ਰਿਵਾਲਵਰ ਵੀ ਪੁਲਿਸ ਨੇ ਆਪਣੇ ਕਬਜ਼ੇ ‘ਚ ਲੈ ਲਈ ਤੇ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਹੁਣ ਤੱਕ ਦੀ ਹੋਈ ਜਾਂਚ ਮੁਤਾਬਕ ਸ਼ਿਵਚਰਨ ਕਿਸੇ ਗੱਲ ਨੂੰ ਲੈ ਕੇ ਪ੍ਰੇਸ਼ਾਨ ਸਨ ਜਿਸ ਤਹਿਤ ਉਨ੍ਹਾਂ ਨੇ ਇਹ ਖੌਫਨਾਕ ਕਦਮ ਚੁੱਕਿਆ। ਉਨ੍ਹਾਂ ਦੇ ਦੋ ਪੁੱਤਰ ਹਨ ਜੋ ਕਿ ਵਿਦੇਸ਼ ‘ਚ ਰਹਿੰਦੇ ਹਨ। ਸ਼ਿਵਚਰਨ ਪਹਿਲਾਂ ਅੰਮ੍ਰਿਤਸਰ ਦੇ ਪੇਸ਼ੀ ਸੈੱਲ ‘ਚ ਵੀ ਡਿਊਟੀ ਦੇ ਚੁੱਕੇ ਹਨ ਤੇ ਮੌਜੂਦਾ ਸਮੇਂ ‘ਚ ਉਹ ਜਲੰਧਰ ਦੇ ਪੀ. ਏ. ਪੀ. ‘ਚ ਤਾਇਨਾਤ ਸਨ। ਇਹ ਵੀ ਪਤਾ ਲੱਗਾ ਹੈ ਕਿ ਉਹ ਪ੍ਰਮੋਟ ਹੋ ਕੇ DSP ਬਣਨ ਵਾਲੇ ਸਨ।