Farmers protest against : ਅੰਮ੍ਰਿਤਸਰ : ਗਾਂਧੀ ਜਯੰਤੀ ‘ਤੇ ਵੀ ਖੇਤੀ ਕਾਨੂੰਨ ਦੇ ਵਿਰੋਧ ‘ਚ ਪੰਜਾਬ ਦੇ ਕਿਸਾਨਾਂ ਦਾ ਪ੍ਰਦਰਸ਼ਨ ਤੇ ਰੇਲ ਰੋਕੋ ਅੰਦੋਲਨ ਜਾਰੀ ਹੈ। ਸ਼ੁੱਕਰਵਾਰ ਨੂੰ ਕਿਸਾਨਾਂ ਦੇ ਪ੍ਰਦਰਸ਼ਨ ਦਾ 9ਵਾਂ ਦਿਨ ਹੈ। ਅੰਮ੍ਰਿਤਸਰ ‘ਚ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪਟੜੀ ‘ਤੇ ਬੈਠੀ ਹੈ। ਪ੍ਰਦਰਸ਼ਨ 5 ਅਕਤੂਬਰ ਤੱਕ ਜਾਰੀ ਰਹੇਗਾ।
ਦੂਜੇ ਪਾਸੇ ਜੰਡਿਆਲਾ ਗੁਰੂ ਦੇ ਪਿੰਡ ਦੇਵੀਦਾਸਪੁਰ ਦੇ ਰੇਲਵੇ ਟਰੈਕ ‘ਤੇ ਬੈਠੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ 31 ਕਿਸਾਨ ਸੰਗਠਨਾਂ ਦਾ ਵੀ ਸਮਰਥਨ ਮਿਲ ਗਿਆ। ਮੀਡੀਆ ਨਾਲ ਗੱਲਬਾਤ ‘ਚ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦੇ ਉਤਪਾਦ ਫੂਕ ਕੇ ਉਨ੍ਹਾਂ ‘ਤੇ ਪਾਬੰਦੀ ਲਗਾਉਣ ਲਈ ਅੱਗੇ ਆਉਣ। ਪੰਜਾਬ ਦੇ ਸਾਰੇ ਰਾਗੀ ਜਥੇ, ਢਾਡੀ ਜਥੇ, ਕਵੀ ਲੇਖਕਾਂ ਦੇ ਨਾਲ-ਨਾਲ ਪੰਜਾਬ ਫਿਲਮ ਇੰਡਸਟਰੀ ਦੇ ਸਾਰੇ ਐਕਟਰ ਤੇ ਗਾਇਕ ਕਾਰਪੋਰੇਟ ਘਰਾਣਿਆਂ ਖਿਲਾਫ ਉਨ੍ਹਾਂ ਦਾ ਸਹਿਯੋਗ ਕਰਨ। ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ‘ਚ ਹੋਣ ਵਾਲੇ ਕਾਂਗਰਸ ਦੇ ਰੋਡ ਸ਼ੋਅ ਨੂੰ 2 ਅਤੂਬਰ ਨੂੰ ਸੁਰੱਖਿਆ ਏਜੰਸੀਆਂ ਦੀ ਕਲੀਅਰੈਂਸ ਨਾ ਮਿਲਣ ਤੋਂ ਇੱਕ ਦਿਨ ਬਾਅਦ 3 ਅਕਤੂਬਰ ਤੋਂ ਸ਼ੁਰੂ ਕੀਤਾ ਜਾਵੇਗਾ।
ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਦੇ ਕਹਿਣ ‘ਤੇ ਇਹ ਤਬਦੀਲੀ ਕੀਤੀ ਗਈ ਹੈ। ਰੋਡ ਸ਼ੋਅ ਦੇ ਰੂਟ ਨੂੰ ਵੀ ਛੋਟਾ ਕਰ ਦਿੱਤਾ ਗਿਆ ਹੈ। 5 ਅਕਤੂਬਰ ਨੂੰ ਰੋਡ ਦੀ ਸਮਾਪਤੀ ਹਰਿਆਣਾ ‘ਚ ਹੋਵੇਗੀ। ਇਸ ਤੋਂ ਬਾਅਦ ਹਰਿਆਣਾ ਤੋਂ ਹੁੰਦਾ ਹੋਇਆ ਦਿੱਲੀ ‘ਚ ਰੋਡ ਸ਼ੋਅ ਖਤਮ ਹੋਵੇਗਾ। ਕਿਸਾਨਾਂ ਦੇ ਪੱਖ ‘ਚ ਕਾਂਗਰਸ ਪੰਜਾਬ ‘ਚ 3 ਤੋਂ 5 ਅਕਤੂਬਰ ਤੱਕ ਰੋਡ ਸ਼ੋਅ ਦਾ ਆਯੋਜਨ ਕਰ ਰਹੀ ਹੈ ਜਿਸ ‘ਚ ਰਾਹੁਲ ਗਾਂਧੀ ਵੀ ਸ਼ਾਮਲ ਹੋ ਰਹੇ ਹਨ। ਰੋਡ ਸ਼ੋਅ ‘ਚ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਲੈ ਕੇ ਸੂਬੇ ਦੀ ਸਰਕਾਰ ਕਾਫੀ ਗੰਭੀਰ ਹੈ। ਰਾਹੁਲ ਜਿਸ ਟਰੈਕਟਰ ‘ਤੇ ਸਵਾਰ ਹੋਣਗੇ ਉਹ ਟਰੈਕਟਰ ਬੁਲੇਟ ਪਰੂਫ ਹੋਵੇਗਾ। ਟਰੈਕਟਰ ‘ਤੇ ਸਿਰਫ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਇੰਚਾਰਜ ਹਰੀਸ਼ ਰਾਵਤ ਅਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਹੀ ਰਾਹੁਲ ਨਾਲ ਬੈਠਣਗੇ।