No scam in Post matric Scholarship : ਚੰਡੀਗੜ੍ਹ : ਪੰਜਾਬ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ਵਿੱਚ ਜਾਂਚ ਕਮੇਟੀ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਦਾ ਕੋਈ ਵੀ ਘਪਲਾ ਨਹੀਂ ਹੋਇਆ। ਇਸ ਦੇ ਨਾਲ ਹੀ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਦੱਸਣਯੋਗ ਹੈ ਕਿ 65 ਕਰੋੜ ਦੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਇੱਕ ਕਮੇਟੀ ਗਠਿਤ ਕੀਤੀ ਗਈ ਸੀ, ਜਿਸ ਦੀ ਜਾਂਚ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਗਈ ਹੈ, ਜਿਸ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਘਪਲਾ ਨਾ ਹੋਣ ਦੀ ਗੱਲ ਕਹੀ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਰਿਪੋਰਟ ਮੁਤਾਬਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕੋਈ ਗ਼ਲਤ ਪੈਸਾ ਨਹੀਂ ਵੰਡਿਆ ਗਿਆ ਹੈ। ਇਨ੍ਹਾਂ 65 ਕਰੋੜ ਦੀ ਰਕਮ ਵਿੱਚੋ 7 ਕਰੋੜ ਰੁਪਏ ਆਊਟ ਆਫ ਟਰਨ ਕੁਝ ਕਾਲਜਾਂ ਨੂੰ ਵੰਡੇ ਕੇ ਉਨ੍ਹਾਂ ਦੀ ਮਦਦ ਜ਼ਰੂਰ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕਮੇਟੀ ਵਲੋਂ ਇਸ ਮਾਮਲੇ ਵਿਚ ਵਿਆਪਕ ਜਾਂਚ ਕੀਤੀ ਗਈ ਹੈ। ਜਾਂਚ ਵਿਚ ਏਸੀਐਸ ਕਿਰਪਾ ਸ਼ੰਕਰ ਸਰੋਜ ’ਤੇ ਸਵਾਲ ਉਠਾਏ ਗਏ ਹਨ। ਪਤਾ ਲੱਗਾ ਹੈ ਕਿ 2015 ਤੋਂ 2017 ਤੱਕ ਇਸ ਵਿਭਾਗ ਦੇ ਸਕੱਤਰ ਰਹਿ ਚੁਕੇ ਕਿਰਪਾ ਸ਼ੰਕਰ ਸਰੋਜ ਵੱਲੋਂ ਉਸ ਸਮੇ ਦੀਆਂ ਕੁਝ ਗੜਬੜੀਆ ਸਾਹਮਣੇ ਆਈਆਂ ਹਨ। ਜਿਨ੍ਹਾਂ ’ਤੇ ਪਰਦਾ ਪਾਉਣ ਲਈ ਅਤੇ ਇਨ੍ਹਾਂ ਤੋਂ ਧਿਆਨ ਹਟਾਉਣ ਲਈ ਕਿਰਪਾ ਸ਼ੰਕਰ ਸਰੋਜ ਵਲੋਂ ਇਹ ਰਿਪੋਰਟ ਤਿਆਰ ਕਰਕੇ ਮੁੱਖ ਸਕੱਤਰ ਨੂੰ ਭੇਜੀ ਗਈ ਸੀ, ਜਿਸ ਵਿਚ 65 ਕਰੋੜ ਦੇ ਘਪਲੇ ਦਾ ਜ਼ਿਕਰ ਕੀਤਾ ਗਿਆ ਸੀ। ਜਦੋਂਕਿ ਆਡਿਟ ਰਿਪੋਰਟ ਵਿਚ ਕਿਸੇ ਤਰ੍ਹਾਂ ਦਾ ਘਪਲਾ ਸਾਹਮਣੇ ਨਹੀਂ ਆਇਆ ਹੈ।
ਦੱਸਣਯੋਗ ਹੈ ਕਿ ਮੁੱਖ ਸਕੱਤਰ ਵਿੰਨੀ ਮਹਾਜਨ ਵਲੋਂ ਕਿਰਪਾ ਸ਼ੰਕਰ ਸਰੋਜ ਵਲੋਂ ਪੇਸ਼ ਕੀਤੀ ਗਈ ਰਿਪੋਰਟ ਦੀ ਜਾਂਚ ਲਈ ਆਈਐਸਐਸ ਅਧਿਕਾਰੀਆਂ ਦੀ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿੱਚ ਕੇਈਪੀ ਸਿਨਹਾ, ਜਸਪਾਲ ਸਿੰਘ ਤੇ ਵਿਵੇਕ ਪ੍ਰਤਾਪ ਨੂੰ ਸ਼ਾਮਿਲ ਕੀਤਾ ਗਿਆ ਸੀ। ਇਹ ਰਿਪੋਰਟ ਮੁੱਖ ਮੰਤਰੀ ਨੂੰ ਪੇਸ਼ ਕਰ ਦਿੱਤੀ ਗਈ ਹੈ।