CTU buses now banned : ਚੰਡੀਗੜ੍ਹ : ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (CTU) ਦੀ ਕਿਸੇ ਵੀ ਬੱਸ ਵਿੱਚ ਅਸ਼ਲੀਲ, ਅਲਕੋਹਲਿਕ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਲਗਾਉਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸੰਬੰਧੀ ਪਟੀਸ਼ਨਰ ਪੰਡਿਤ ਰਾਓ ਧਰੇਨਵਾਰ ਦੀ ਪਟੀਸ਼ਨ ‘ਤੇ ਯੂਟੀ ਦੇ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੁਆਰਾ ਲਿਖਤੀ ਆਦੇਸ਼ ਜਾਰੀ ਕੀਤੇ ਗਏ ਹਨ। ਡਾਇਰੈਕਟਰ ਟ੍ਰਾਂਸਪੋਰਟ ਨੇ ਸਾਰੀਆਂ ਬੱਸਾਂ ਵਿਚ ਫਿਜ਼ੀਕਲੀ ਮਿਊਜ਼ਿਕ ਸਿਸਟਮ ਚੈੱਕ ਕੀਤੇ, ਨਾਲ ਹੀ ਲਿਖਤੀ ਹੁਕਮਾਂ ਵਿੱਚ ਸਾਰੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਬੱਸਾਂ ਅਸ਼ਲੀਲ, ਅਲਕੋਹਲਿਕ ਅਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਵਾਲੇ ਗਾਣੇ ਨਹੀਂ ਵੱਜਣੇ ਚਾਹੀਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪੰਡਿਤਰਾਓ ਦੀ ਪਟੀਸ਼ਨ ‘ਤੇ ਪੰਜਾਬ ਅਤੇ ਹਰਿਆਣਾ ਦੇ ਟਰਾਂਸਪੋਰਟ ਵਿਭਾਗ ਵੱਲੋਂ ਵੀ ਅਦਾਲਤ ਦੇ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ। ਪੰਡਿਤਰਾਓ ਨੇ ਸੀਟੀਯੂ ਦੁਆਰਾ ਜਾਰੀ ਲਿਖਤੀ ਆਦੇਸ਼ਾਂ ਦਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਪੰਡਿਤਰਾਓ ਨੇ ਅਸ਼ਲੀਲ, ਸ਼ਰਾਬ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਗਾਣਿਆਂ ਅਤੇ ਗਾਇਕਾਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਉਹ ਲਗਾਤਾਰ ਇਨ੍ਹਾਂ ਸੰਬੰਧੀ ਪ੍ਰਦਰਸ਼ਨ ਕਰਦੇ ਰਹਿੰਦੇ ਹਨ। ਅਜਿਹੇ ਗੀਤ ਗਾਉਣ ਵਾਲੇ ਗਾਇਕਾਂ ਦਾ ਉਹ ਪ੍ਰੋਗਰਾਮ ਨਹੀਂ ਹੋਣ ਦਿੰਦੇ। ਉਨ੍ਹਾਂ ਨੇ ਕਈ ਵਾਰ ਪੰਜਾਬ ਯੂਨੀਵਰਸਿਟੀ ਵਿਖੇ ਅਜਿਹੇ ਗਾਇਕਾਂ ਦੇ ਲਾਈਵ ਸ਼ੋਅ ਰੱਦ ਕੀਤੇ ਹਨ। ਗਾਇਕ ਸਿੱਧੂ ਮੂਸੇਵਾਲਾ ਖਿਲਾਫ ਉਹ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ।
ਇਥੇ ਦੱਸਣਯੋਗ ਹੈ ਕਿ ਇਸ ਤਰ੍ਹਾਂ ਦਾ ਰੁਝਾਨ ਪੰਜਾਬੀ ਗਾਣਿਆਂ ਵਿਚ ਪੈਦਾ ਹੋਇਆ ਹੈ ਕਿ ਉਹ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਲਈ ਅਸ਼ਲੀਲਤਾ, ਅਲਕੋਹਲਿਕ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਦੇ ਹਨ, ਜਿਸ ਕਾਰਨ ਨਸ਼ਿਆਂ ਦਾ ਕਾਰੋਬਾਰ ਨਸਲਾਂ ਨੂੰ ਖਤਮ ਕਰ ਰਿਹਾ ਹੈ। ਬੱਸਾਂ ਵਿੱਚ ਵੀ ਅਕਸਰ ਅਜਿਹੇ ਗਾਣੇ ਵਜਾਏ ਜਾਂਦੇ ਹਨ। ਨਾ ਸਿਰਫ ਡਰਾਈਵਰ ਕੰਡਕਟਰ ਹੀ ਅਜਿਹੇ ਗਾਣੇ ਵਜਾਉਂਦੇ ਹਨ, ਸਗੋਂ ਉਨ੍ਹਾਂ ਵਿਚ ਯਾਤਰਾ ਕਰਨ ਵਾਲੇ ਯਾਤਰੀ ਵੀ ਉੱਚੀ ਆਵਾਜ਼ ਵਿਚ ਅਜਿਹੇ ਗਾਣੇ ਵਜਾਉਂਦੇ ਆਮ ਦੇਖੇ ਜਾਂਦੇ ਹਨ। ਪਰ ਹੁਣ ਟਰਾਂਸਪੋਰਟ ਵਿਭਾਗ ਵੱਲੋਂ ਇਨ੍ਹਾਂ ਦੇ ਹੁਕਮਾਂ ਦੇ ਲਾਗੂ ਹੋਣ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ।