Family brought the newborn baby : ਬਠਿੰਡਾ : ਭਾਵੇਂ ਹੀ ਸਰਕਾਰ ਵੱਲੋਂ ਔਰਤਾਂ ਤੇ ਮਰਦਾਂ ਨੂੰ ਇਸ ਸਮੇਂ ਸਮਾਨਤਾ ਦਾ ਦਰਜਾ ਦਿੱਤਾ ਗਿਆ ਹੈ ਪਰ ਫਿਰ ਵੀ ਸਮਾਜ ਵਿੱਚ ਅਜੇ ਵੀ ਮੁੰਡੇ ਦੀ ਚਾਹ ਵਿੱਚ ਧੀ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ। ਅਜੋਕੇ ਸਮੇਂ ਵਿੱਚ ਬਠਿੰਡਾ ਦੇ ਇੱਕ ਪਰਿਵਾਰ ਨੇ ਆਪਣੀ ਨਵਜੰਮੀ ਬੱਚੀ ਨੂੰ ਫੁੱਲਾਂ ਨਾਲ ਸਜੀ ਕਾਰ ’ਚ ਘਰ ਲਿਆ ਕੇ ਆਪਣੀ ਧੀ ਨੂੰ ਮਾਣ ਦਿੰਦੇ ਹੋਏ ਸਮਾਜ ਨੂੰ ਇਨ੍ਹਾਂ ਨੂੰ ਸਤਿਕਾਰ ਦੇਣ ਦਾ ਇੱਕ ਸੰਦੇਸ਼ ਦਿੱਤਾ ਹੈ।
ਬਠਿੰਡਾ ਦੇ ਬਾਬਾ ਫਰੀਦ ਨਗਰ ਵਾਸੀ ਅਮਰਜੀਤ ਸਿੰਘ ਸੇਖੋਂ ਦੇ ਘਰ 29 ਸਤੰਬਰ ਨੂੰ ਪੋਤਰੀ ਹਸਪਤਾਲ ’ਚ ਜਨਮ ਲਿਆ ਸੀ। ਪਰਿਵਾਰ ਨੇ ਆਪਣੀ ਪੋਤਰੀ ਸਿਮਰੋਜ਼ ਕੌਰ ਦੇ ਜਨਮ ਨੂੰ ਯਾਦਗਾਰੀ ਬਨਾਉਣ ਤਹਿਤ ਪਰਿਵਾਰ ਨੇ ਵਿਲੱਖਣ ਫੈਸਲਾ ਲਿਆ, ਜਿਸ ਅਧੀਨ ਪਹਿਲਾਂ ਆਪਣੀ ਕਾਰ ਨੂੰ ਡੋਲੀ ਵਾਲੀ ਕਾਰ ਦੀ ਤਰ੍ਹਾਂ ਫੁੱਲਾਂ ਨਾਲ ਸਜਾਇਆ ਗਿਆ। ਅੱਜ ਜਦੋਂ ਹਸਪਤਾਲ ਤੋਂ ਛੁੱਟੀ ਮਿਲੀ ਤਾਂ ਪਰਿਵਾਰਕ ਮੈਂਬਰ ਬੱਚੀ ਨੂੰ ਸਜਾਵਟ ਵਾਲੀ ਕਾਰ ’ਚ ਘਰ ਲੈਕੇ ਆਏ। ਇਸ ਮੌਕੇ ਆਂਢੀਆਂ ਗੁਆਂਢੀਆਂ ਤੇ ਹੋਰ ਨਜ਼ਦੀਕੀਆਂ ਨੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਅਤੇ ਸੇਖੋਂ ਪਰਿਵਾਰ ਦੇ ਫੈਸਲੇ ਦੀ ਸ਼ਲਾਘਾ ਕੀਤੀ।
ਸੇਖੋਂ ਅਕਾਸ਼ਵਾਣੀ ਬਠਿੰਡਾ ਦੇ ਐਫਐਮ ਕੇਂਦਰ ’ਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਦੀ ਪਤਨੀ ਵੀ ਸੇਖੋਂ ਦੇ ਇਸ ਫੈਸਲੇ ਤੋਂ ਬਹੁਤ ਖੁਸ਼ ਹੋਈ। ਬੱਚੀ ਦੀ ਮਾਤਾ ਗੁਰਪ੍ਰੀਤ ਕੌਰ ਸੇਖੋਂ ਸਿਹਤ ਵਿਭਾਗ ਵਿੱਚ ਨਰਸ ਹਨ ਜਦੋਂਕਿ ਪਿਤਾ ਮਨਪ੍ਰੀਤ ਸਿੰਘ ਸੇਖੋਂ ਬੈਂਕ ਅਧਿਕਾਰੀ ਹੈ। ਇਸ ਸੇਖੋਂ ਜੋੜੀ ਦੇ ਪਹਿਲਾਂ ਇੱਕ ਲੜਕਾ ਗੁਰਮਨ ਪ੍ਰੀਤ ਸਿੰਘ ਹੈ। ਉਨ੍ਹਾਂ ਨੇ ਆਪਣੇ ਘਰ ਧੀ ਦੇ ਜਨਮ ‘ਤੇ ਦਿਲੋਂ ਖੁਸ਼ੀ ਮਨਾਈ। ਸਮੁੱਚੇ ਸੇਖੋਂ ਪ੍ਰੀਵਾਰ ਦਾ ਕਹਿਣਾ ਹੈ ਕਿ ਲੜਕੀਆਂ ਨਾਲ ਸੰਸਾਰ ਹੈ ਜਿਸ ਕਰਕੇ ਹਰੇਕ ਇਨਸਾਨ ਨੂੰ ਧੀਆਂ ਦਾ ਸਤਿਕਾਰ ਕਰਨਾ ਚਾਹਦਾ ਹੈ।