IPL 2020 RCB vs RR : ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਸੀਜ਼ਨ 13 ਵਿੱਚ ਇਸ ਸੀਜ਼ਨ ਦਾ ਪਹਿਲਾ ਡਬਲ ਹੈਡਰ ਹੋਵੇਗਾ। ਪਹਿਲੇ ਮੈਚ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਾਲੇ ਰਾਇਲ ਚੈਲੇਂਜਰਜ਼ ਬੈਂਗਲੁਰੂ ਦਾ ਸਾਹਮਣਾ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਇਹ ਮੈਚ ਦਿਨ ਦੇ ਸਮੇਂ ਸ਼ੇਖ ਜਾਇਦ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਿੱਛਲਾ ਮੈਚ ਵਿਰਾਟ ਦੀ ਟੀਮ ਲਈ ਇੱਕ ਸਬਕ ਸੀ, ਜਿਸ ਵਿੱਚ ਉਸ ਨੇ ਸਾਰੀਆਂ ਗ਼ਲਤੀਆਂ ਕੀਤੀਆਂ, ਪਰ ਆਪਣੀ ਕਿਸਮਤ ਦੇ ਕਾਰਨ, ਉਹ ਸੁਪਰ ਓਵਰ ਵਿੱਚ ਮੁੰਬਈ ਇੰਡੀਅਨਜ਼ ਨੂੰ ਹਰਾਉਣ ‘ਚ ਸਫਲ ਰਹੇ। ਟੀਮ ਨੇ ਮੁੰਬਈ ਖਿਲਾਫ ਕੁੱਝ ਕੈਚ ਛੱਡੇ ਸੀ। ਮੈਚ ਤੋਂ ਬਾਅਦ ਕੋਹਲੀ ਨੇ ਇਹ ਵੀ ਕਿਹਾ ਕਿ ਜੇ ਕੈਚ ਫੜੇ ਜਾਂਦੇ ਤਾਂ ਮੈਚ ਸੁਪਰ ਓਵਰ ਵਿੱਚ ਨਹੀਂ ਜਾਂਦਾ ਸੀ। ਰਾਜਸਥਾਨ ਇਸ ਸੀਜ਼ਨ ਵਿੱਚ ਵਧੀਆ ਫਾਰਮ ‘ਚ ਰਿਹਾ ਹੈ। ਭਾਵੇਂ ਹੀ ਉਹ ਆਖਰੀ ਮੈਚ ਵਿੱਚ ਹਾਰ ਗਿਆ ਹੋਵੇ, ਪਰ ਟੀਮ ਦਾ ਵਿਸ਼ਵਾਸ ਉਸ ਹਾਰ ਤੋਂ ਡੋਲਿਆ ਨਹੀਂ ਹੋਏਗਾ, ਕਿਉਂਕਿ ਇਸ ਹਾਰ ਤੋਂ ਪਹਿਲਾਂ ਰਾਜਸਥਾਨ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਟੀਮ ਦੀ ਬੱਲੇਬਾਜ਼ੀ ਫਾਰਮ ‘ਚ ਹੈ।
ਪੰਜਾਬ ਖਿਲਾਫ ਮੈਚ ਵਿੱਚ ਰਾਹੁਲ ਤੇਵਤੀਆ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਕ ਓਵਰ ਵਿੱਚ ਪੰਜ ਛੱਕੇ ਜੜ ਕੇ ਟੀਮ ਨੂੰ ਹਾਰ ਤੋਂ ਬਚਾ ਲਿਆ ਸੀ। ਪਰ ਚਮਤਕਾਰ ਹਰ ਰੋਜ਼ ਨਹੀਂ ਹੁੰਦੇ। ਰੌਬਿਨ ਉਥੱਪਾ ਹੁਣ ਤੱਕ ਅਸਫਲ ਰਿਹਾ ਹੈ। ਨੌਜਵਾਨ ਰਿਆਨ ਪਰਾਗ ਦਾ ਬੱਲਾ ਵੀ ਨਹੀਂ ਚੱਲ ਸਕਿਆ ਹੈ। ਪਿੱਛਲੇ ਮੈਚ ਵਿੱਚ ਟੌਮ ਕੁਰਨ ਨੇ ਅਰਧ ਸੈਂਕੜਾ ਲਗਾਇਆ ਸੀ, ਪਰ ਉਹ ਇੱਕਲਾ ਹੀ ਰਹਿ ਗਿਆ ਸੀ। ਕੁੱਲ ਮਿਲਾ ਕੇ ਰਾਜਸਥਾਨ ਨੂੰ ਬੱਲੇਬਾਜ਼ੀ ‘ਚ ਮਿਡਲ ਆਰਡਰ ਤੇ ਹੇਠਲੇ ਕ੍ਰਮ ‘ਚ ਮਜ਼ਬੂਤ ਬੱਲੇਬਾਜ਼ਾਂ ਦੀ ਜ਼ਰੂਰਤ ਹੋਏਗੀ। ਗੇਂਦਬਾਜ਼ੀ ‘ਚ ਜੋਫਰਾ ਆਰਚਰ, ਕੁਰਨ ‘ਤੇ ਸਾਰਾ ਭਾਰ ਹੋਵੇਗਾ। ਪਹਿਲੇ ਸੀਜ਼ਨਾਂ ‘ਚ, ਬੈਂਗਲੁਰੂ ਨੇ ਕੋਹਲੀ ਅਤੇ ਏਬੀ ਡੀਵਿਲੀਅਰਜ਼ ‘ਤੇ ਵਧੇਰੇ ਭਰੋਸਾ ਕੀਤਾ ਸੀ, ਪਰ ਇਸ ਸੀਜ਼ਨ ‘ਚ ਦੇਵਦੱਤ ਪੇਡਿਕਲ ਅਤੇ ਐਰੋਨ ਫਿੰਚ ਨੇ ਉਨ੍ਹਾਂ ਨਾਲ ਇਹ ਭਾਰ ਸਾਂਝਾ ਕੀਤਾ ਹੈ। ਗੇਂਦਬਾਜ਼ੀ ਵਿੱਚ ਨਵਦੀਪ ਸੈਣੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਪਰ ਉਨ੍ਹਾਂ ਨੂੰ ਤੇਜ਼ ਗੇਂਦਬਾਜ਼ੀ ‘ਚ ਕੋਈ ਚੰਗਾ ਸਾਥੀ ਨਹੀਂ ਮਿਲਿਆ।