147 Indians stranded in Dubai : ਕੋਰੋਨਾ ਮਹਾਮਾਰੀ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ। ਸ਼ਨੀਵਾਰ ਨੂੰ 147 ਯਾਤਰੀ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇੰਡੀਗੋ ਏਅਰਲਾਇੰਸ ਦੀ ਵਿਸ਼ੇਸ਼ ਉਡਾਨ ਰਾਹੀਂ ਦੁਬਈ ਤੋਂ ਚੰਡੀਗੜ੍ਹ ਪਹੁੰਚੇ। ਏਅਰਪੋਰਟ ‘ਤੇ ਪਹੁੰਚਣ ’ਤੇ ਇਨ੍ਹਾਂ ਸਾਰੇ ਯਾਤਰੀਆਂ ਦੀ ਡਾਕਟਰੀ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਏਅਰਪੋਰਟ ਕੰਪਲੈਕਸ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ।
ਉਡਾਨ ਸਵੇਰੇ 10.30 ਵਜੇ ਚੰਡੀਗੜ੍ਹ ਏਅਰਪੋਰਟ ‘ਤੇ ਲੈਂਡ ਹੋਈ। ਹੁਣ ਇਨ੍ਹਾਂ ਸਾਰੇ ਯਾਤਰੀਆਂ ਨੂੰ ਆਪਣੇ ਗ੍ਰਹਿ ਸ਼ਹਿਰ ਵਿੱਚ 14 ਦਿਨਾਂ ਲਈ ਕੁਆਰੰਟਾਈਨ ਰਹਿਣਾ ਹੋਵੇਗਾ। ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬੁਲਾਰੇ ਪ੍ਰਿੰਸ ਨੇ ਦੱਸਿਆ ਕਿ ਇਸ ਫਲਾਈਟ ਨੂੰ ਆਪ੍ਰੇਸ਼ਨਲ ਕਰਨ ਵਿੱਚ ਸਾਰੀਆਂ ਏਜੰਸੀਆਂ ਨੇ ਮਿਲ ਕੇ ਸਹਿਯੋਗ ਕੀਤਾ। ਇਸ ਦੌਰਾਨ ਸੀਆਈਐਸਐਫ, ਇਮੀਗ੍ਰੇਸ਼ਨ, ਕਸਟਮਜ਼, ਪੰਜਾਬ ਪੁਲਿਸ ਤੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸਬੰਧਤ ਸਟਾਫ ਮੌਜੂਦ ਸੀ। ਸਾਰੇ ਅਧਿਕਾਰੀਆਂ ਅਤੇ ਏਜੰਸੀਆਂ ਨੇ ਮਿਲ ਕੇ ਸਹੀ ਤਾਲਮੇਲ ਨਾਲ ਕੰਮ ਕੀਤਾ ਤਾਂ ਜੋ ਇਨ੍ਹਾਂ ਯਾਤਰੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਕੋਰੋਨਾ ਦੀ ਇਨਫੈਕਸ਼ਨ ਦੇ ਖਤਰੇ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।