The body of a young man : ਜਲੰਧਰ ’ਚ ਅੱਜ ਮੰਗਲਵਾਰ ਸਵੇਰੇ ਅਰਬਨ ਅਸਟੇਟ ਦੇ ਗੋਲਡਨ ਐਵੇਨਿਊ ਇਲਾਕੇ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਨੌਜਵਾਨ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਲਾਸ਼ ਨੂੰ ਹੇਠਾਂ ਉਤਾਰ ਲਿਆ। ਮ੍ਰਿਤਕ ਦੀ ਪਛਾਣ ਪਵਨ ਕੁਮਾਰ ਵਜੋਂ ਹੋਈ ਹੈ, ਜੋ ਅਰਬਨ ਸਟੇਟ ਦਾ ਰਹਿਣ ਵਾਲਾ ਹੈ। ਇਹ ਵਿਅਕਤੀ ਬੀਤੀ ਰਾਤ ਤੋਂ ਘਰੋਂ ਲਾਪਤਾ ਸੀ। ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ।
ਘਟਨਾ ਵਾਲੀ ਥਾਂ ’ਤੇ ਪਹੁੰਚੀ ਉਸ ਦੀ ਪਤਨੀ ਰੇਨੂੰ ਨੇ ਦੱਸਿਆ ਕਿ ਉਸਦਾ ਪਤੀ ਮਾਡਲ ਟਾਊਨ ਵਿੱਚ ਟੇਲਰ ਮਾਸਟਰ ਨਾਲ ਕੰਮ ਕਰਦਾ ਸੀ। ਉਸਨੂੰ ਕੋਰੋਨਾ ਕਾਲ ਵਿੱਚ ਪੈਸੇ ਨਹੀਂ ਮਿਲ ਰਹੇ ਸਨ। ਹੁਣ ਜਦੋਂ ਕੰਮ ਸ਼ੁਰੂ ਹੋਇਆ ਸੀ, ਉਦੋਂ ਵੀ ਉਸ ਦਾ ਮਾਲਕ ਪੈਸੇ ਨਹੀਂ ਦੇ ਰਿਹਾ ਸੀ। ਦੋ ਦਿਨ ਪਹਿਲਾਂ ਉਸ ਦੇ ਪਤੀ ਦਾ ਪੈਸਿਆਂ ਨੂੰ ਲੈ ਕੇ ਆਪਣੇ ਮਾਲਕ ਨਾਲ ਝਗੜਾ ਹੋਇਆ ਸੀ।
ਰੇਨੂੰ ਨੇ ਦੋਸ਼ ਲਗਾਇਆ ਹੈ ਕਿ ਦੁਕਾਨ ਮਾਲਕ ਨੇ ਉਸ ਦੇ ਪਤੀ ਦਾ ਮੋਬਾਈਲ ਵੀ ਖੋਹ ਲਿਆ। ਉਸਦੇ ਪਤੀ ਨੇ ਵਿਰੋਧ ਕੀਤਾ ਤਾਂ ਉਸ ਨੂੰ ਕੁੱਟਿਆ ਵੀ ਗਿਆ। ਉਸਦਾ ਪਤੀ ਪਵਨ ਇਸ ਤੋਂ ਪਰੇਸ਼ਾਨ ਸੀ। ਅੱਜ ਸਵੇਰੇ ਪੁਲਿਸ ਨੂੰ ਪਤਾ ਲੱਗਿਆ ਕਿ ਉਸਨੇ ਦਰੱਖਤ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਥਾਣਾ ਸੱਤ ਦੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਸਟੇਸ਼ਨ ਇੰਚਾਰਜ ਰਮਨਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।