Pakistani army criticized heavily: ਮੁਜ਼ੱਫਰਾਬਾਦ: ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (POK) ਦੇ ਪ੍ਰਧਾਨਮੰਤਰੀ ਰਾਜਾ ਫਾਰੂਕ ਦੀ ਪਾਕਿਸਤਾਨੀ ਫੌਜ ਦੀ ਅਲੋਚਨਾ ਕਰਨਾ ਭਾਰੀ ਪੈ ਗਿਆ ਹੈ । ਪਾਕਿਸਤਾਨੀ ਸਰਕਾਰ ਨੇ POK ਦੇ ਕਥਿਤ ਪ੍ਰਧਾਨਮੰਤਰੀ ਰਾਜਾ ਫਾਰੂਕ ਖਿਲਾਫ ਰਾਜ ਧ੍ਰੋਹ ਦਾ ਕੇਸ ਦਾਇਰ ਕੀਤਾ ਹੈ । ਉਨ੍ਹਾਂ ‘ਤੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਹਿਯੋਗ ਨਾਲ ਪਾਕਿਸਤਾਨ ਦੀ ਫੌਜ ਖਿਲਾਫ ਗਤੀਵਿਧੀਆਂ ਕਰਨ ਦਾ ਦੋਸ਼ ਲਗਾਇਆ ਗਿਆ ਹੈ।
ਇਮਰਾਨ ਸਰਕਾਰ ਦੇ ਇਸ ਕੰਮ ਦੀ ਵਿਰੋਧੀ ਪਾਰਟੀਆਂ ਨੇ ਸਖਤ ਅਲੋਚਨਾ ਕੀਤੀ ਹੈ । ਦੂਜੇ ਪਾਸੇ ਇਮਰਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਸ FIR ਬਾਰੇ ਕੋਈ ਜਾਣਕਾਰੀ ਨਹੀਂ ਸੀ । ਇਸ ਤੋਂ ਪਹਿਲਾਂ ਪਾਕਿਸਤਾਨੀ ਫੌਜ ਦੀ ਪੋਲ ਖੋਲ ਰਹੇ ਨਵਾਜ਼ ਸ਼ਰੀਫ ਖ਼ਿਲਾਫ਼ ਦੇਸ਼ਧ੍ਰੋਹ ਦਾ ਕੇਸ ਦਰਜ ਕੀਤਾ ਗਿਆ ਸੀ। ਪਾਕਿਸਤਾਨੀ ਮੀਡੀਆ ਅਨੁਸਾਰ ਨਵਾਜ਼ ਸ਼ਰੀਫ ਖ਼ਿਲਾਫ਼ ਲਾਹੌਰ ਵਿੱਚ ਇਹ ਕੇਸ ਦਰਜ ਕੀਤਾ ਗਿਆ ਹੈ । FIR ਵਿੱਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ ਨੇ ਲੰਡਨ ਵਿੱਚ ਭੜਕਾਊ ਭਾਸ਼ਣ ਦੇ ਕੇ ਪਾਕਿਸਤਾਨ ਵਿੱਚ ਨਾਮਵਰ ਸੰਸਥਾਵਾਂ ਵਿਰੁੱਧ ਸਾਜਿਸ਼ ਰਚੀ ਸੀ ।
ਦਰਅਸਲ, FIR ਵਿੱਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ ਦੇ ਇਨ੍ਹਾਂ ਭਾਸ਼ਣਾਂ ਦਾ ਉਦੇਸ਼ ਪਾਕਿਸਤਾਨ ਨੂੰ ਗੁੰਡਾਗਰਦੀ ਦਾ ਰਾਜ ਐਲਾਨਣਾ ਹੈ । ਇੱਕ ਦਿਨ ਪਹਿਲਾਂ ਹੀ ਨਵਾਜ਼ ਸ਼ਰੀਫ ਦੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਵਿਰੁੱਧ ਦੇਸ਼ ਧ੍ਰੋਹ ਦਾ ਕੇਸ ਵੀ ਦਰਜ ਕੀਤਾ ਗਿਆ ਸੀ । ਉਨ੍ਹਾਂ ‘ਤੇ ਦੇਸ਼ ਅਤੇ ਸੰਸਥਾਨਾਂ ਵਿਰੁੱਧ ਲੋਕਾਂ ਨੂੰ ਭੜਕਾਉਣ ਦਾ ਦੋਸ਼ ਸੀ ।
ਦੱਸ ਦੇਈਏ ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਸ਼ ਲਾਇਆ ਸੀ ਕਿ ਭਾਰਤ ਪਾਕਿਸਤਾਨੀ ਫੌਜ ਨੂੰ ਕਮਜ਼ੋਰ ਕਰਨ ਲਈ ਨਵਾਜ਼ ਸ਼ਰੀਫ ਦੀ ਮਦਦ ਕਰ ਰਿਹਾ ਹੈ । ਇਮਰਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਫੌਜ ‘ਤੇ ਰਾਜਨੀਤਿਕ ਦਖਲਅੰਦਾਜ਼ੀ ਦਾ ਦੋਸ਼ ਲਗਾਉਂਦਿਆਂ ਖ਼ਤਰਨਾਕ ਖੇਡ ਖੇਡ ਰਹੇ ਹਨ । ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਇਤਿਹਾਸ ਵਿੱਚ ਇਸ ਸਮੇਂ ਫੌਜ ਅਤੇ ਸਰਕਾਰ ਵਿਚਾਲੇ ਸਭ ਤੋਂ ਵਧੀਆ ਸਬੰਧ ਹੈ। ਇਮਰਾਨ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਉਨ੍ਹਾਂ ਨੇ ਰਾਜਨੀਤੀ ਵਿੱਚ ਦਖਲਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਫੌਜ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ।