Li Meng Yan says: ਚੀਨ ਦੀ ਇੱਕ ਮਹਿਲਾ ਵਿਗਿਆਨੀ ਨੇ ਕੁੱਝ ਹਫ਼ਤੇ ਪਹਿਲਾਂ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਇੱਕ ਚੀਨੀ ਲੈਬ ਤੋਂ ਲੀਕ ਹੋਇਆ ਸੀ। ਵਿਗਿਆਨੀ ਨੇ ਦੱਸਿਆ ਸੀ ਕਿ ਉਹ ਚੀਨ ਦੇ ਡਰੋਂ ਅਮਰੀਕਾ ਭੱਜ ਆਈ ਹੈ। ਹੁਣ ਵਿਗਿਆਨੀ ਨੇ ਕਿਹਾ ਹੈ ਕਿ ਚੀਨ ਨੇ ਉਸ ਦੀ ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਲੀ ਮੈਂਗ ਯਾਨ ਨਾਮ ਦੀ ਇੱਕ ਮਹਿਲਾ ਵਿਗਿਆਨੀ ਲੰਬੇ ਸਮੇਂ ਤੋਂ ਸੁਰਖੀਆਂ ਵਿੱਚ ਹੈ। ਉਸਨੇ ਕਥਿਤ ਤੌਰ ਤੇ ਕੁੱਝ ਸਬੂਤ ਵੀ ਪੇਸ਼ ਕੀਤੇ ਸਨ ਅਤੇ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਕੁਦਰਤੀ ਵਾਇਰਸ ਨਹੀਂ ਹੈ, ਇਹ ਲੈਬ ਵਿੱਚ ਤਿਆਰ ਕੀਤਾ ਗਿਆ ਹੈ। ਲੀ ਮੈਂਗ ਨੇ ਕਿਹਾ ਕਿ ਉਹ ਕੋਰੋਨਾ ਵਾਇਰਸ ਦੀ ਖੋਜ ਕਰਨ ਵਾਲੇ ਪਹਿਲੇ ਕੁੱਝ ਵਿਗਿਆਨੀਆਂ ਵਿੱਚ ਸ਼ਾਮਿਲ ਸੀ। ਲੀ ਮੈਂਗ ਯਾਨ ਨੇ ਕਿਹਾ ਕਿ ਉਹ ਹਾਂਗ ਕਾਂਗ ਵਿੱਚ ਕੰਮ ਕਰਦੀ ਸੀ ਜਦੋਂ ਉਸ ਨੂੰ ਕੋਰੋਨਾ ਵਾਇਰਸ ‘ਤੇ ਖੋਜ ਦਾ ਕਾਰਜ ਦਿੱਤਾ ਗਿਆ ਸੀ। ਪਰ ਜਦੋਂ ਉਸਨੇ ਕੋਰੋਨਾ ‘ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਸਨੂੰ ਡਰਾਇਆ ਜਾਣ ਲੱਗਾ। ਇਸ ਤੋਂ ਬਾਅਦ ਉਸ ਨੇ ਹਾਂਗ ਕਾਂਗ ਛੱਡ ਦਿੱਤਾ ਅਤੇ ਅਮਰੀਕਾ ਵਿੱਚ ਕਿਸੇ ਅਣਜਾਣ ਜਗ੍ਹਾ ਚਲੀ ਗਈ।
ਲੀ ਮੈਂਗ ਯਾਨ ਨੇ ਇੱਕ ਅਮਰੀਕੀ ਵੈਬਸਾਈਟ ਨੂੰ ਦੱਸਿਆ ਕਿ ਉਸ ਦੀ ਮਾਂ ਨੂੰ ਚੀਨ ਨੇ ਗ੍ਰਿਫਤਾਰ ਕਰ ਲਿਆ ਹੈ, ਪਰ ਉਸਨੇ ਗ੍ਰਿਫਤਾਰੀ ਨਾਲ ਜੁੜੀ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ। ਪਿੱਛਲੇ ਮਹੀਨੇ, ਜਦੋਂ ਲੀ ਮੈਂਗ ਨੇ ਦਾਅਵਾ ਕੀਤਾ ਕਿ ਕੋਰੋਨਾ ਚੀਨ ਦੁਆਰਾ ਤਿਆਰ ਕੀਤਾ ਗਿਆ ਸੀ, ਤਾਂ ਉਸਦਾ ਟਵਿੱਟਰ ਅਕਾਉਂਟ ਮੁਅੱਤਲ ਕਰ ਦਿੱਤਾ ਗਿਆ ਸੀ। ਲੀ ਮੈਂਗ ਯਾਨ ਨੇ ਦੱਸਿਆ ਕਿ ਉਹ ਹਾਂਗ ਕਾਂਗ ਦੇ ਸਕੂਲ ਆਫ਼ ਪਬਲਿਕ ਹੈਲਥ ਵਿੱਚ ਖੋਜਕਰਤਾ ਵਜੋਂ ਕੰਮ ਕਰ ਰਹੀ ਸੀ। ਲੀ ਮੈਂਗ ਨੇ ਕਿਹਾ ਸੀ ਕਿ ਕੋਰੋਨਾ ਵਾਇਰਸ ਲੈਬ ਵਿੱਚ ਦੋ ‘ਬੈਟ ਕੋਰੋਨਾ ਵਾਇਰਸ’ ਦੀ ਜੈਨੇਟਿਕ ਸਮੱਗਰੀ ਨੂੰ ਮਿਲਾ ਕੇ ਤਿਆਰ ਕੀਤਾ ਗਿਆ ਸੀ। ਹਾਲਾਂਕਿ, ਲੀ ਮੈਂਗ ਦੇ ਦਾਅਵੇ ਦੀ ਸੁਤੰਤਰ ਤੌਰ ‘ਤੇ ਕਿਸੇ ਵਿਗਿਆਨਕ ਸੰਸਥਾ ਜਾਂ ਖੋਜ ਸੰਸਥਾ ਦੁਆਰਾ ਪੁਸ਼ਟੀ ਨਹੀਂ ਕੀਤੀ ਗਈ ਹੈ।