Guidelines for Schools in Punjab : ਚੰਡੀਗੜ੍ਹ : ਪੰਜਾਬ ਵਿੱਚ 15 ਅਕਤੂਬਰ ਤੋਂ ਸਕੂਲ ਖੁੱਲ੍ਹਣ ਜਾ ਰਹੇ ਹਨ, ਜਿਸ ਸੰਬੰਧੀ ਸਰਕਾਰ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਕੂਲਾਂ ਵਿੱਚ ਸਿਰਫ 9ਵੀਂ ਤੋਂ 12ਵੀਂ ਕਲਾਸਾਂ ਦੀ ਸ਼ੁਰੂਆਤ ਵਿਚ ਹੀ ਆਗਿਆ ਦਿੱਤੀ ਜਾਏਗੀ ਅਤੇ ਹਰੇਕ ਸੈਕਸ਼ਨ ਵਿੱਚ 20 ਤੋਂ ਵੱਧ ਵਿਦਿਆਰਥੀਆਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਜਾਰੀ ਕੀਤੀਆਂ ਹਿਦਾਇਤਾਂ ਮੁਤਾਬਕ ਸਕੂਲ ਦਿਨ ਵਿੱਚ ਸਿਰਫ ਤਿੰਨ ਘੰਟਿਆਂ ਲਈ ਹੀ ਖੋਲ੍ਹੇ ਜਾਣਗੇ। ਜਿਨ੍ਹਾਂ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ, ਉਥੇ ਤਿੰਨ ਘੰਟਿਆਂ ਦੀਆਂ ਦੋ ਸ਼ਿਫਟਾਂ ਲਗਾਈਆਂ ਜਾ ਸਕਦੀਆਂ ਹਨ।
ਸਕੂਲਾਂ ਵਿੱਚ ਸੁਰੱਖਿਆ ਮਾਪਦੰਡਾਂ ਤੇ ਸੈਨੀਟਾਈਜ਼ੇਸ਼ਨ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਵਿਦਿਆਰਥੀਆਂ ਦੇ ਵਿਚਾਲੇ ਘੱਟੋ-ਘੱਟ ਦੂਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਐੱਸਓਪੀ ਮੁਤਾਬਕ ਹੋਵੇਗੀ। ਔਸਤਨ ਇਕ ਸੈਕਸ਼ਨ ਵਿੱਚ 20 ਤੋਂ ਵੱਧ ਵਿਦਿਆਰਥੀ ਨਹੀਂ ਬੈਠ ਸਕਦੇ। ਇੱਕ ਹੀ ਬੈਂਚ ’ਤੇ ਦੋ ਵਿਦਿਆਰਥੀਆਂ ਨੂੰ ਬੈਠਣ ਦੀ ਇਜਾਜ਼ਤ ਨਹੀਂ ਹੋਵੇਗੀ। ਵਿਦਿਆਰਥੀਆਂ ਦੇ ਬੈਂਚਾਂ ਵਿਚਾਲੇ ਦੀ ਦੂਰੀ ਦੀ ਪੂਰੀ ਪਾਲਣਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੂਸਰੇ ਪ੍ਰੋਟੋਕਾਲਾਂ ਜਿਵੇਂ ਸੈਨੀਟਾਈਜ਼ਰ, ਮਾਸਕ ਪਹਿਨਣਾ ਆਦਿ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ।