ASI and PCR incharge clash : ਜਲੰਧਰ ਸ਼ਹਿਰ ਵਿੱਚ ਹੋ ਰਹੀਆਂ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਫਲ ਰਹਿਣ ਵਾਲੇ ਜਲੰਧਰ ਪੁਲਿਸ ਮੁਲਾਜ਼ਮ ਹੁਣ ਇੱਕ ਦੂਜੇ ਨਾਲ ਲੜਨ ਲੱਗ ਪਏ ਹਨ। ਐਤਵਾਰ ਰਾਤ ਦੀ ਇੱਕ ਘਟਨਾ ਉਸ ਵੇਲੇ ਸਾਹਮਣੇ ਆਈ ਜਦੋਂ ਪੀਸੀਆਰ ਇੰਚਾਰਜ ਇੰਸਪੈਕਟਰ ਅਤੇ ਏਐਸਆਈ ਬੀਐਮਸੀ ਚੌਕ ਵਿਖੇ ਫਸ ਗਏ। ਪੀਸੀਆਰ ਇੰਚਾਰਜ ਨੇ ਏਐਸਆਈ ਉੱਤੇ ਡਿਊਟੀ ਦੌਰਾਨ ਸੌਣ ਦਾ ਦੋਸ਼ ਲਾਇਆ ਹੈ। ਦੂਜੇ ਪਾਸੇ ਏਐਸਆਈ ਨੇ ਇੰਸਪੈਕਟਰ ’ਤੇ ਮਾਰਕੁੱਟ ਕਰਨ ਦਾ ਦੋਸ਼ ਲਾਇਆ ਹੈ। ਏਐਸਆਈ ਨੇ ਇਸ ਬਾਰੇ ਸ਼ਿਕਾਇਤ ਥਾਣਾ ਡਵੀਜ਼ਨ ਨੰਬਰ ਛੇ ਵਿੱਚ ਕੀਤੀ ਹੈ। ਦੂਜੇ ਪਾਸੇ ਸੀਨੀਅਰ ਪੁਲਿਸ ਅਧਿਕਾਰੀ ਇਸ ਮਾਮਲੇ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।
ਏਐਸਆਈ ਜਤਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਐਤਵਾਰ ਰਾਤ ਕਰੀਬ 1 ਵਜੇ ਬੀਐਮਸੀ ਚੌਕ ਵਿਖੇ ਡਿਊਟੀ ਦੌਰਾਨ ਕਾਰ ਵਿੱਚ ਬੈਠਾ ਸੀ ਅਤੇ ਬਾਕੀ ਸਟਾਫ ਬਾਹਰ ਤਾਇਨਾਤ ਸੀ। ਅਚਾਨਕ ਪੀਸੀਆਰ ਇੰਚਾਰਜ ਇੰਸਪੈਕਟਰ ਪਿੰਦਰਜੀਤ ਸਿੰਘ ਉਥੇ ਪਹੁੰਚੇ ਅਤੇ ਮੋਬਾਈਲ ਦੀ ਵਰਤੋਂ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਨਾਲ ਹੱਥੋਪਾਈ ਕੀਤੀ। ਇਸ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੂੰ ਵਿਭਾਗੀ ਕਾਰਵਾਈ ਦੀ ਧਮਕੀ ਦਿੱਤੀ ਗਈ। ਉਨ੍ਹਾਂ ਇਸ ਬਾਰੇ ਥਾਣੇ ਵਿੱਚ ਸ਼ਿਕਾਇਤ ਦੇ ਦਿੱਤੀ ਹੈ।
ਦੂਜੇ ਪਾਸੇ ਪੀਸੀਆਰ ਇੰਚਾਰਜ ਇੰਸਪੈਕਟਰ ਪਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਨੂੰ ਗਸ਼ਤ ਦੌਰਾਨ ਬੀਐੱਮਸੀ ਚੌਕ ’ਤੇ ਏਐੱਸਆਈ ਜਤਿੰਦਰ ਸਿੰਘ ਕਾਰ ਵਿੱਚ ਸੌਂ ਰਹੇ ਸਨ। ਉਸਨੇ ਡਿਊਟੀ ਸਹੀ ਢੰਗ ਨਾਲ ਕਰਨ ਲਈ ਕਿਹਾ ਅਤੇ ਬਾਅਦ ਵਿਚ ਆਪਣੀ ਰਿਪੋਰਟ ਵਿਚ ਇਹ ਦਰਜ ਕੀਤਾ ਕਿ ਉਨ੍ਹਾਂ ਨੂੰ ਡਿਊਟੀ ਦੌਰਾਨ ਏਐਸਆਈ ਸੁੱਤਾ ਹੋਇਆ ਮਿਲਿਆ। ਹੁਣ ਏਐਸਆਈ ਜਤਿੰਦਰ ਸਿੰਘ ਵਿਭਾਗੀ ਕਾਰਵਾਈ ਤੋਂ ਡਰ ਰਿਹਾ ਹੈ, ਜਿਸ ਕਾਰਨ ਉਹ ਉਸ ‘ਤੇ ਗਲਤ ਦੋਸ਼ ਲਗਾ ਰਿਹਾ ਹੈ।