Farmers protest against Delhi-Amritsar-Katra : ਸੁਲਤਾਨਪੁਰ ਲੋਧੀ ਵਿੱਚ 35 ਹਜ਼ਾਰ ਕਰੋੜ ਰੁਪਏ ਵਿੱਚ ਬਣਨ ਵਾਲੇ 8 ਲੇਨ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸ ਵੇਅ ਦਾ ਬੁੱਧਵਾਰ ਨੂੰ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਦੀ 35 ਮੈਂਬਰੀ ਕਮੇਟੀ ਨੇ ਪ੍ਰੈਸ ਕਾਨਫਰੰਸ ਕੀਤੀ ਅਤੇ ਐਕਸਪ੍ਰੈਸ ਵੇਅ ਲਈ ਜ਼ਮੀਨ ਐਕੁਆਇਰ ਕਰਨ ਲਈ ਮੁਆਵਜ਼ੇ ਦੀ ਮੰਗ ਕੀਤੀ। ਕਮੇਟੀ ਦੇ ਨੇਤਾਵਾਂ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਟੀ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਬੁਰਜ ਲਗਾ ਰਹੀ ਹੈ, ਪਰ ਮੁਆਵਜ਼ੇ ਦੀ ਕੋਈ ਗੱਲ ਨਹੀਂ ਹੋਈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਦੀ ਪੂਰੀ ਜ਼ਮੀਨ ਇਸ ਐਕਸਪ੍ਰੈਸਵੇਅ ਵਿੱਚ ਆ ਰਹੀ ਹੈ ਜਾਂ ਟੁੱਟ ਰਹੀ ਹੈ। ਇਸ ਨਾਲ ਕਿਸਾਨਾਂ ਨੂੰ ਮੁਸ਼ਕਲ ਆਵੇਗੀ।
ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇੱਕ ਏਕੜ ਜ਼ਮੀਨ ਦਾ ਐਕਵਾਇਰ ਕਰਨ ਲਈ 2.0 ਕਰੋੜ ਮੁਆਵਜ਼ਾ ਦਿੱਤਾ ਜਾਵੇ। ਕਮੇਟੀ ਮੈਂਬਰਾਂ ਨੇ ਐਲਾਨ ਕੀਤਾ ਕਿ ਜੇ ਅਥਾਰਟੀ ਅਤੇ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਵਿਰੋਧ ਕੀਤਾ ਜਾਵੇਗਾ। ਇਸ ਦੌਰਾਨ ਪ੍ਰਭਦਿਆਲ ਸਿੰਘ, ਸਾਬਕਾ ਸਰਪੰਚ ਜਸਵਿੰਦਰ ਕੌਰ, ਰਣਜੀਤ ਸਿੰਘ, ਚੰਨਣ ਸਿੰਘ, ਨਛੱਤਰ ਸਿੰਘ, ਪਰਮਜੀਤ ਸਿੰਘ, ਸ਼ੀਤਲ ਸਿੰਘ, ਜਗਦੀਪ ਸਿੰਘ, ਮਲਕੀਤ ਸਿੰਘ ਪ੍ਰੈਸ ਕਾਨਫਰੰਸ ਵਿੱਚ ਹਾਜਰ ਸਨ।
ਦੱਸਣਯੋਗ ਹੈ ਕਿ ਐਕਸਪ੍ਰੈਸ ਵੇਅ ਸੁਲਤਾਨਪੁਰ ਲੋਧੀ ਦੇ ਤੋਗਨਵਾਲਾ, ਸ਼ਾਲਾਪੁਰ, ਪਾਜੀਆਂ, ਮੈਰੀਪੁਰ, ਦੁਰਗਾਪੁਰ, ਕਾਲਾਰੂ, ਟਿੱਬਾ, ਅਮਾਨੀਪੁਰ, ਤਲਵੰਡੀ ਚੌਧਰੀਆਂ ਆਦਿ ਤੋਂ ਹੁੰਦਾ ਹੋਇਆ ਲੰਘੇਗਾ। ਇਸ 8 ਲੇਨ ਦੇ ਪ੍ਰਾਜੈਕਟ ਵਿੱਚ 687 ਕਿਲੋਮੀਟਰ ਦਾ ਸਫਰ ਹੋਵੇਗਾ। ਦਿੱਲੀ ਤੋਂ ਕਟੜਾ ਦੀ ਦੂਰੀ ਅਜੇ 727 ਕਿਲੋਮੀਟਰ ਹੈ, ਜਿਸ ਨੂੰ ਤੈਅ ਕਰਨ ਲਈ 10 ਘੰਟੇ ਲੱਗਦੇ ਹਨ। ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਦੇ ਨਾਲ ਹੀ ਇਹ ਦੂਰੀ 588 ਕਿਲੋਮੀਟਰ ਹੋਵੇਗੀ ਅਤੇ ਯਾਤਰਾ 6 ਘੰਟੇ ਦੀ ਹੋਵੇਗੀ। ਪੰਜਾਬ ਵਿਚ ਐਕਸਪ੍ਰੈਸ ਵੇਅ ਦੀ ਲੰਬਾਈ 297 ਕਿਲੋਮੀਟਰ ਹੋਵੇਗੀ ਜੋ 9 ਜ਼ਿਲ੍ਹਿਆਂ ਵਿਚ ਪਹੁੰਚੇਗੀ।