Police arrested AAP leaders : ਚੰਡੀਗੜ੍ਹ : ਪੰਜਾਬ ’ਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਮਾਮਲੇ ’ਚ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਣ ਦਾ ਆਮ ਆਦਮੀ ਪਾਰਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਮੰਤਰੀ ਧਰਮਸੋਤ ਨੂੰ ਬਰਖਾਸਤ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦਿਆਂ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਅਤੇ ਆਗੂਆਂ ਨੇ ਵੀਰਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਫਾਰਮ ਹਾਊਸ ‘ਤੇ ਧਾਵਾ ਬੋਲਿਆ ਪਰੰਤੂ ਭਾਰੀ ਨਾਕਾਬੰਦੀ ਕਰਕੇ ਪੰਜਾਬ ਪੁਲਸ ਵੱਲੋਂ ਸਾਰੇ ‘ਆਪ’ ਆਗੂਆਂ ਨੂੰ ਰਸਤੇ ਵਿੱਚ ਹਿਰਾਸਤ ’ਚ ਲੈ ਲਿਆ।
ਦੱਸਣਯੋਗ ਹੈ ਕਿ ਆਪ ਆਗੂ ਜਦੋਂ ਸਿਸਵਾਂ ਟੀ-ਪੁਆਇੰਟ ਨੇੜੇ ਧਰਨਾ ਲਗਾ ਕੇ ਬੈਠ ਗਏ ਅਤੇ ਫਿਰ ਆਗੂਆਂ ਵੱਲੋਂ ਨਾਕਾ ਤੋੜ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਸਥਾਨਕ ਐਸਡੀਐਮ ਦੀ ਮੌਜੂਦਗੀ ‘ਚ ਹਰਪਾਲ ਸਿੰਘ ਚੀਮਾ ਸਮੇਤ ‘ਆਪ’ ਆਗੂਆਂ ਨੂੰ ਜ਼ੋਰ ਜ਼ਬਰਦਸਤੀ ਚੁੱਕ ਕੇ ਨੇੜਲੇ ਮੁੱਲਾਂਪੁਰ ਥਾਣੇ ‘ਚ ਲੈ ਗਏ। ਹਿਰਾਸਤ ‘ਚ ਲਏ ‘ਆਪ’ ਆਗੂਆਂ ਨੂੰ ਖਰੜ ਥਾਣੇ ਵਿੱਚ ਲਿਜਾਇਆ ਗਿਆ। ਜਿੱਥੇ ਕਰੀਬ ਇੱਕ ਘੰਟਾ ਰੱਖਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਉਥੇ ਹੀ ਪਾਰਟੀ ਨੇ ਇਸ ਮਾਮਲੇ ਵਿੱਚ ਸੰਤ ਸਮਾਜ ਸੰਘਰਸ਼ ਕਮੇਟੀ ਅਤੇ ਅਨੁਸੂਚਿਤ ਜਾਤੀਆਂ ਦੀਆਂ ਹੋਰ ਜਥੇਬੰਦੀਆਂ ਵੱਲੋਂ 10 ਅਕਤੂਬਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਪੰਜਾਬ ਭਰ ‘ਚ ਚੱਕਾ ਜਾਮ ਕਰਨ ਦੇ ਐਲਾਨ ਦਾ ਸਮਰਥਨ ਕਰਦਿਆਂ ਕਿਹਾ ਕਿ ਸਕਾਲਰਸ਼ਿਪ ਘਪਲਾ ਕਰਨ ਵਾਲੇ ਮੰਤਰੀ ਧਰਮਸੋਤ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਵਾਉਣਾ ਚਾਹੀਦਾ ਸੀ ਪਰ ਕੈਪਟਨ ਦਲਿਤਾਂ ਨੂੰ ਇਨਸਾਫ਼ ਦਿਵਾਉਣ ਦੀ ਬਜਾਏ ਮੰਤਰੀ ਦੀ ਮਦਦ ਕਰਕੇ ਉਸ ਨੂੰ ਬਚਾ ਰਹੇ ਹਨ। ਆਪ ਆਗੂ ਨੇ ਚਿਤਾਵਨੀ ਦਿੱਤੀ ਕਿ ਅਗਲੇ 10 ਦਿਨਾਂ ਮੰਤਰੀ ਸਾਧੂ ਸਿੰਘ ਧਰਮਸੋਤ ਬਰਖ਼ਾਸਤ ਕਰਕੇ ਗ੍ਰਿਫਤਾਰ ਨਾ ਕਰਵਾਇਆ ਤਾਂ ਇਸ ਦੇ ਨਤੀਜੇ ਭੁਗਤਣੇ ਪੈਣਗੇ।