Union Minister Ram : ਲੋਕ ਜਨਸ਼ਕਤੀ ਪਾਰਟੀ (ਐਲਜੇਪੀ) ਦੇ ਸੰਸਥਾਪਕ ਅਤੇ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੀ ਵੀਰਵਾਰ ਨੂੰ ਮੌਤ ਹੋ ਗਈ। ਉਨ੍ਹਾਂ ਦੇ ਦੇਹਾਂਤ ‘ਤੇ ਸ. ਸੁਖਬੀਰ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਸ. ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੇਂਦਰੀ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਜੀ ਦੇ ਦੇਹਾਂਤ ਦਾ ਬਹੁਤ ਦੁੱਖ ਹੈ। ਉਹ ਦੱਬੇ-ਕੁਚਲੇ ਲੋਕਾਂ ਦੀ ਆਵਾਜ਼ ਸਨ। ਪ੍ਰਮਾਤਮਾ ਉਨ੍ਹਾਂ ਨੂੰ ਆਪਣੇ ਚਰਨਾਂ ‘ਚ ਸਥਾਨ ਦੇਣ ਅਤੇ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣ ਤੇ ਪਰਿਵਾਰਕ ਮੈਂਬਰਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਸ਼ਕਤੀ ਦੇਣ।
ਬੀਬਾ ਹਰਸਿਮਰਤ ਕੌਰ ਬਾਦਲ ਨੇ ਵੀ ਉੱਘੇ ਸੰਸਦ ਮੈਂਬਰ ਅਤੇ ਕੇਂਦਰੀ ਕੈਬਨਿਟ ਮੰਤਰੀ ਸ਼੍ਰੀ ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ‘ਤੇ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਉਹ ਇੱਕ ਸਹਿਯੋਗੀ ਤੇ ਸਾਰਿਆਂ ਨਾਲ ਹਮਦਰਦੀ ਰੱਖਣ ਵਾਲੇ ਆਗੂ ਸਨ ਜਿਨ੍ਹਾਂ ਦਾ ਲੋਕ ਬਹੁਤ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਮੌਤ ਨਾਲ ਕੌਮ ਨੂੰ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਪ੍ਰਮਾਤਮਾ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸ. ਦਲਜੀਤ ਸਿੰਘ ਚੀਮਾ ਨੇ ਵੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਜੀ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਕੌਮ ਨੇ ਇੱਕ ਮਹਾਨ ਅਤੇ ਦੂਰਦਰਸ਼ੀ ਨੇਤਾ ਗੁਆ ਦਿੱਤਾ ਹੈ। ਵਿਛੜੀ ਰੂਹ ਲਈ ਮੇਰੀਆਂ ਅਰਦਾਸਾਂ। ਰੱਬ ਪਰਿਵਾਰ ਅਤੇ ਦੋਸਤਾਂ ਨੂੰ ਇਸ ਅਣਸੁਖਾਵੇਂ ਨੁਕਸਾਨ ਨੂੰ ਸਹਿਣ ਕਰਨ ਦੀ ਹਿੰਮਤ ਦੇਵੇ। ਇਥੇ ਇਹ ਵੀ ਦੱਸਣਯੋਗ ਹੈ ਕਿ ਸ਼੍ਰੀ ਰਾਮ ਵਿਲਾਸ ਪਾਸਵਾਨ ਨੇ ਦਿੱਲੀ ਦੇ ਇੱਕ ਹਸਪਤਾਲ ਦਮ ਤੋੜਿਆ। ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ‘ਤੇ ਸ਼ੁੱਕਰਵਾਰ ਨੂੰ ਦਿੱਲੀ ਅਤੇ ਹੋਰ ਰਾਜਾਂ ਦੀਆਂ ਰਾਜਧਾਨੀਆਂ’ ਚ ਝੰਡਾ ਅੱਧਾ ਝੁਕਿਆ ਰਹੇਗਾ। ਸ਼ਨੀਵਾਰ ਨੂੰ ਉਨ੍ਹਾਂ ਦਾ ਅੰਤਿਮ ਸੰਸਕਾਰ ਪਟਨਾ ਵਿੱਚ ਕੀਤਾ ਜਾਵੇਗਾ। ਰਾਮ ਵਿਲਾਸ ਪਾਸਵਾਨ 9 ਵਾਰ ਲੋਕ ਸਭਾ ਅਤੇ ਦੋ ਵਾਰ ਰਾਜ ਸਭਾ ਮੈਂਬਰ ਰਹੇ। ਰਾਮ ਵਿਲਾਸ ਪਾਸਵਾਨ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸਾਰੇ ਰਾਜਨੇਤਾਵਾਂ ‘ਚ ਸੋਗ ਦੀ ਲਹਿਰ ਛਾ ਗਈ।