Batala police seized 5 kg : ਗੁਰਦਾਸਪੁਰ : ਬਟਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਭਾਰਤ-ਪਾਕਿ ਸਰਹੱਦ ਨੇੜੇ ਖੇਤਾਂ ਵਿੱਚੋਂ 5 ਕਿਲੋ ਹੈਰੋਇਨ ਸਣੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲਿਸ ਦੇ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰ ਪਾਲ ਸਿੰਘ ਪਰਮਾਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਐੱਸ.ਐੱਸ.ਪੀ ਬਟਾਲਾ ਵੱਲੋਂ ਸਪੈਸ਼ਲ ਟੀਮਾਂ ਤਿਆਰ ਕਰ ਕੇ ਪੁਲਿਸ ਜ਼ਿਲ੍ਹੇ ਦੇ ਨਾਲ ਲੱਗਦੇ ਸਰਹੱਦੀ ਖੇਤਰ ਵਿੱਚ ਚਲਾਏ ਗਏ ਸਰਚ ਅਪਰੇਸ਼ਨ ਦੌਰਾਨ ਬਟਾਲਾ ਪੁਲਿਸ ਨੂੰ ਡੇਰਾ ਬਾਬਾ ਨਾਨਕ ਬਾਰਡਰ ਦੇ ਨਜ਼ਦੀਕ ਖੇਤਾਂ ਵਿੱਚ ਲੁਕਾ ਕੇ ਰੱਖੀ ਗਈ 5 ਕਿੱਲੋ ਹੈਰੋਇਨ ਬਰਾਮਦ ਹੋਈ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਪੁੱਛ ਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਇਸ ਵੱਡੀ ਖੇਪ ਨੂੰ ਭਾਰਤ ਵਿਖੇ ਕਿਸ ਤਰ੍ਹਾਂ ਲਿਆਂਦਾ ਗਿਆ ਅਤੇ ਇਹ ਹੈਰੋਇਨ ਕਿਨ੍ਹਾਂ ਲੋਕਾਂ ਤੱਕ ਪਹੁੰਚਾਈ ਜਾਣੀ ਸੀ। ਆਈ ਜੀ ਪਰਮਾਰ ਨੇ ਅੱਗੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤ ਦੇ ਮਾਲਕ ਦੀ ਪਹਿਚਾਣ ਗੁਰਦੇਵ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਪਿੰਡ ਮੇਗਾ ਥਾਣਾ ਡੇਰਾ ਬਾਬਾ ਨਾਨਕ ਦੇ ਰੂਪ ਵਿੱਚ ਹੋਈ। ਪੁਲਿਸ ਵੱਲੋਂ ਮੁਲਜ਼ਮ ਨੂੰ ਕਾਬੂ ਕਰਕੇ ਅਸਲਾ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ‘ਤੇ ਪਹਿਲਾਂ ਵੀ ਇਸ ਐਕਟ ਅਧੀਨ ਮਾਮਲਾ ਦਰਜ ਹੈ।