Seeing ambulances stuck : ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਕਿਸਾਨਾਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ, ਜਿਸ ਅਧੀਨ ਸੂਬੇ ਦੇ ਵੱਖ-ਵੱਖ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪਰ ਇਸ ਦੌਰਾਨ ਕਿਸਾਨ ਆਮ ਲੋਕਾਂ ਨੂੰ ਵੀ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ, ਇਸ ਦੀ ਮਿਸਾਲ ਲਾਡੋਵਾਲ ਟੋਲ ਪਲਾਜ਼ਾ ’ਤੇ ਸਾਹਮਣੇ ਆਈ, ਜਿਥੇ ਵੱਡੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਲਗਾਇਆ ਗਿਆ ਧਰਨਾ ਉਸ ਵੇਲੇ ਸਮੇਂ ਤੋਂ ਪਹਿਲਾਂ ਹੀ ਚੁੱਕ ਲਿਆ ਗਿਆ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਟ੍ਰੈਫਿਕ ਵਿੱਚ ਪਿੱਛੇ ਕਈ ਐਂਬੂਲੈਂਸਾਂ ਫਸੀਆਂ ਹੋਈਆਂ ਹਨ।
ਦੱਸਣਯੋਗ ਹੈ ਕਿ ਲਾਡੋਵਾਲ ਟੋਲ ਪਲਾਜ਼ਾ ’ਤੇ ਕਿਸਾਨਾਂ ਨੇ ਅੱਜ 2 ਘੰਟੇ ਲਈ ਚੱਕਾ ਜਾਮ ਲਗਾਇਆ ਸੀ। ਇਸ ਦੌਰਾਨ ਟੋਲ ਪਲਾਜ਼ਾ ਤੋਂ ਫਿਲੌਰ ਤੱਕ ਟ੍ਰੈਫਿਕ ਜਾਮ ਹੋ ਗਿਆ ਸੀ, ਜਿਨ੍ਹਾਂ ਵਿੱਚ ਕੁਝ ਐਂਬੂਲੈਂਸਾਂ ਵਿੱਚ ਫਸ ਗਈਆਂ। ਕਿਸਾਨਾਂ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਵੇਲੇ ਆਪਣਾ ਪਹਿਲਾ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਹੋਏ ਉਨ੍ਹਾਂ ਨੇ ਨਾ ਸਿਰਫ ਉਥੋਂ 40 ਮਿੰਟਾਂ ਵਿੱਚ ਹੀ ਧਰਨਾ ਚੁੱਕ ਦਿੱਤਾ, ਸਗੋਂ ਧਰਨੇ ਵਿੱਚ ਬੈਠੇ ਨੌਜਵਾਨਾਂ ਨੇ ਐਂਬੂਲੈਂਸਾਂ ਨੂੰ ਟ੍ਰੈਫਿਕ ਵਿੱਚੋਂ ਲੰਘਾਉਣ ਵਿੱਚ ਮਦਦ ਵੀ ਕੀਤੀ। ਕਿਸਾਨਾਂ ਨੇ ਇਸ ਦੌਰਾਨ ਫੈਸਲਾ ਲਿਆ ਕਿ ਉਹ ਹੁਣ ਸੜਕ ਦੇ ਵਿਚਕਾਰ ਨਹੀਂ ਸਗੋਂ ਸਾਈਡ ‘ਤੇ ਹੋ ਕੇ ਧਰਨਾ ਲਗਾਉਣਗੇ, ਤਾਂਜੋ ਕਿਸੇ ਤਰ੍ਹਾਂ ਵੀ ਆਵਾਜਾਈ ਪ੍ਰਭਾਵਿਤ ਨਾ ਹੋਵੇ।
ਇਸ ਬਾਰੇ ਕਿਸਾਨਾਂ ਦਾ ਕਹਿਣਾ ਹੈ ਕਿ ਕਿਹਾ ਕਿ ਇਸ ਵੇਲੇ ਪੰਜਾਬ ਦਾ ਹਰ ਵਰਗ ਉਨ੍ਹਾਂ ਦਾ ਸਾਥ ਦੇ ਰਿਹਾ ਹੈ ਤਾਂ ਉਹ ਵੀ ਸੂਬੇ ਦੇ ਲੋਕਾਂ ਦਾ ਦਰਦ ਸਮਝਦੇ ਹਨ, ਜਿਸ ਨੂੰ ਦੇਖਦੇ ਹੋਏ ਉਨ੍ਹਾਂ ਨੇ ਐਂਬੂਲੈਂਸਾਂ ਨੂੰ ਰਾਹ ਦਿੱਤਾ। ਉਨ੍ਹਾਂ ਕਿਹਾ ਕਿ ਧਰਨਾ ਲਗਾ ਕੇ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਜੇਕਰ ਉਨ੍ਹਾਂ ਨੇ ਇਹ ਕਾਨੂੰਨ ਰੱਦ ਨਾ ਕੀਤੇ ਤਾਂ ਪੰਜਾਬ ਦੇ ਹਾਲਾਤ ਇਸੇ ਤਰ੍ਹਾਂ ਦੇ ਰਹਿਣਗੇ। ਪਰ ਇਸ ਦੌਰਾਨ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਉਨ੍ਹਾਂ ਦਾ ਉਦੇਸ਼ ਨਹੀਂ ਹੈ। ਦੱਸਣਯੋਗ ਹੈ ਕਿ ਲਾਡੋਵਾਲ ਟੋਲ ਪਲਾਜ਼ਾ ’ਤੇ ਹਾਈਵੇ ਦੀ ਮੇਨ ਸੜਕ ਹੈ ਜਿਥੇ ਲੁਧਿਆਣੇ ਸ਼ਹਿਰ ਵਿੱਚ ਵੱਡੇ ਹਸਪਤਾਲ ਹਨ, ਜਿਸ ਕਾਰਨ ਐਂਬੂਲੈਂਸਾਂ ਨੂੰ ਵਾਰ-ਵਾਰ ਦੂਸਰੇ ਸ਼ਹਿਰਾਂ ਤੋਂ ਇਧਰੋਂ ਲੰਘਣਾ ਪੈਂਦਾ ਹੈ। ਇਸ ਨੂੰ ਦੇਖਦੇ ਹੋਏ ਕਿਸਾਨਾਂ ਨੇ ਸੜਕ ਤੋਂ ਧਰਨਾ ਚੁੱਕ ਕੇ ਇੱਕ ਸਾਈਡ ‘ਤੇ ਟੈਂਟ ਲਗਾ ਕੇ ਧਰਨਾ ਦੇਣ ਦਾ ਫੈਸਲਾ ਕੀਤਾ।