2 terrorists killed in encounter: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੇ ਸ਼ਨੀਵਾਰ ਸਵੇਰੇ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ । ਕੁਲਗਾਮ ਜ਼ਿਲ੍ਹੇ ਦੇ ਚਿਨਿਗਮ ਖੇਤਰ ਵਿੱਚ ਸੁਰੱਖਿਆ ਬਲਾਂ ਦੀ ਸ਼ਨੀਵਾਰ ਤੜਕੇ ਅੱਤਵਾਦੀਆਂ ਨਾਲ ਮੁੱਠਭੇੜ ਹੋਈ । ਇਸ ਮੁੱਠਭੇੜ ਵਿੱਚ ਦੋ ਅੱਤਵਾਦੀ ਮਾਰੇ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਕੁਲਗਾਮ ਜ਼ਿਲ੍ਹੇ ਦੇ ਚਿਨਿਗਮ ਖੇਤਰ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਜਾਰੀ ਮੁੱਠਭੇੜ ਵਿੱਚ ਦੋ ਅਣਪਛਾਤੇ ਅੱਤਵਾਦੀ ਮਾਰੇ ਗਏ ਹਨ। ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਕਾਰ ਮੁਕਾਬਲਾ ਅਜੇ ਵੀ ਜਾਰੀ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਖੇਤਰ ਵਿੱਚ ਦੋ ਤੋਂ ਤਿੰਨ ਅੱਤਵਾਦੀ ਲੁਕੇ ਹੋਣ ਦੀ ਖ਼ਬਰ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਮਿਲ ਕੇ ਕਾਰਵਾਈ ਕੀਤੀ ਅਤੇ ਚਾਰੇ ਪਾਸਿਆਂ ਤੋਂ ਅੱਤਵਾਦੀਆਂ ਦਾ ਘਿਰਾਓ ਕੀਤਾ, ਜਿਸ ਵਿੱਚ ਦੋ ਅੱਤਵਾਦੀ ਮਾਰੇ ਜਾਣ ਦੀ ਖ਼ਬਰ ਹੈ । ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦੋ ਅੱਤਵਾਦੀਆਂ ਦੀਆਂ ਲਾਸ਼ਾਂ ਮੁੱਠਭੇੜ ਵਾਲੀ ਜਗ੍ਹਾ ਨੇੜੇ ਪਈਆਂ ਵੇਖੀਆਂ ਜਾ ਸਕਦੀਆਂ ਹਨ । ਹਾਲਾਂਕਿ, ਲਾਸ਼ਾਂ ਨੂੰ ਬਰਾਮਦ ਨਹੀਂ ਕੀਤਾ ਜਾ ਸਕਿਆ ਕਿਉਂਕਿ ਮੁੱਠਭੇੜ ਜਾਰੀ ਸੀ ।
ਦੱਸ ਦੇਈਏ ਕਿ ਇਸ ਤੋਂ ਪਹਿਲੀਆਂ ਰਿਪੋਰਟਾਂ ਅਨੁਸਾਰ ਪੁਲਿਸ ਅਤੇ ਫੌਜ ਦੀ 01RR ਦੀ ਇੱਕ ਸਾਂਝੀ ਟੀਮ ਨੇ ਚਿਨਿਗਾਮ ਵਿੱਚ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਪ੍ਰਾਪਤ ਖ਼ਾਸ ਖ਼ਬਰਾਂ ‘ਤੇ ਘੇਰਾਬੰਦੀ ਕਰਨ ਲਈ ਕਾਰਵਾਈ ਕੀਤੀ ਸੀ । ਇੰਪੁੱਟ ਦੇ ਅਧਾਰ ‘ਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ । ਜਿਵੇਂ ਹੀ ਸੰਯੁਕਤ ਟੀਮ ਨੇ ਸ਼ੱਕੀ ਜਗ੍ਹਾ ਨੂੰ ਘੇਰ ਲਿਆ, ਅੱਤਵਾਦੀਆਂ ਨੇ ਉਨ੍ਹਾਂ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਸਾਂਝੀ ਟੀਮ ਨੇ ਵੀ ਜਵਾਬੀ ਕਾਰਵਾਈ ਕੀਤੀ ।