Elderly couple ended their lives : ਅੰਮ੍ਰਿਤਸਰ (ਸੁਖਚੈਨ ਸਿੰਘ) : ਅੰਮ੍ਰਿਤਸਰ ਦੇ ਸੁੰਦਰ ਨਗਰ ਤੋਂ ਅੱਜ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਇੱਕ 65 ਸਾਲ ਦੇ ਕਰੀਬ ਬਜ਼ੁਰਗ ਜੋੜੇ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਰਹੀ। ਮਿਲੀ ਜਾਣਕਾਰੀ ਮੁਤਾਬਕ ਬਜ਼ੁਰਗ ਜੋੜਾ ਆਪਣੀ ਧੀ ਦੀ ਮੌਤ ਦਾ ਇਨਸਾਫ ਨਾ ਮਿਲ ਸਕਣ ਕਰਕੇ ਦੁਖੀ ਸੀ, ਜਿਸ ਦੇ ਚੱਲਦਿਆਂ ਉਨ੍ਹਾਂ ਨੇ ਆਪਣੀ ਜਾਨ ਦੇ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ। ਮੌਕੇ ਤੋਂ ਜੋੜੇ ਕੋਲੋਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।
ਬਜ਼ੁਰਗ ਦੇ ਪੁੱਤਰ ਸੰਦੀਪ ਨੇ ਦੱਸਿਆ ਕਿ 2015 ਵਿੱਚ ਉਸ ਦੀ ਭੈਣ ਨੂੰ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਜ਼ਹਿਰ ਦੇ ਕੇ ਮਾਰ ਦਿੱਤਾ ਸੀ ਅਤੇ ਅਜੇ ਤੱਕ ਉਸ ਦੇ ਸਹੁਰੇ ਪਰਿਵਾਰ ਵਾਲਿਆਂ ’ਤੇ ਕੋਈ ਕਾਰਵਾਈ ਨਹੀਂ ਹੋਈ। ਉਸ ਦੇ ਮਾਤਾ-ਪਿਤਾ ਆਪਣੀ ਧੀ ਲਈ ਇਨਸਾਫ ਦੀ ਆਸ ਵਿੱਚ ਪੁਲਿਸ ਅਧਿਕਾਰੀਆਂ ਦੇ ਦਫਤਰ ਦੇ ਚੱਕਰ ਲਗਾ ਲਏ ਸਨ। ਇਸ ਦੇ ਚੱਲਦਿਆਂ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿ ਰਹੇ ਸਨ। ਇਸੇ ਮਾਨਸਿਕ ਤਣਾਅ ਵਿੱਚ ਆ ਕੇ ਉਨ੍ਹਾਂ ਨੇ ਖੁਦਕੁਸ਼ੀ ਕਰ ਲਈ। ਮ੍ਰਿਤਕ ਜੋੜੇ ਦੇ ਪਰਿਵਾਰਕ ਮੈਂਬਰਾਂ ਨੇ ਇਸ ਸੰਬੰਧੀ ਪੁਲਿਸ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਉਠਾਏ ਹਨ, ਜਿਸ ਤੋਂ ਦੁਖੀ ਹੋ ਕੇ ਜੋੜੇ ਨੇ ਆਪਣੀ ਜ਼ਿੰਦਗੀ ਦਾ ਅੰਤ ਕਰਨਾ ਬਿਹਤਰ ਸਮਝਿਆ।
ਇਸ ਸੰਬੰਧੀ ਪੁਲਿਸ ਏਐਸਆਈ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜੋੜੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਇੱਕ ਸੁਸਾਈਡ ਨੋਟ ਮਿਲਿਆ ਹੈ, ਜਿਸ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।