Brother in law killed sister in law : ਫਗਵਾੜਾ : ਫਗਵਾੜਾ ਦੇ ਨੇੜੇ ਪਿੰਡ ਨੰਗਲ ‘ਚ ਬੀਤੇ ਦਿਨ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਇੱਕ ਵਿਅਕਤੀ ਨੇ ਆਪਣੀ ਸਾਲੀ ਨੂੰ ਮਾਰ ਕੇ ਫਿਰ ਖੁਦ ਵੀ ਖੁਦਕੁਸ਼ੀ ਕਰ ਲਈ। ਮ੍ਰਿਤਕ ਵਿਅਕਤੀ ਦੀ ਪਛਾਣ ਬੌਧ ਰਾਜ ਪੁੱਤਰ ਬਧਨ ਸਿੰਘ ਵਾਸੀ ਜੇਠੂਮਾਜਰਾ ਨਵਾਂਸ਼ਹਿਰ ਤੇ ਪ੍ਰਵੀਨ ਕੁਮਾਰੀ ਪਤਨੀ ਨਵਰੰਗ ਚੰਦ ਵਾਸੀ ਜੰਡਾਲੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।
ਮ੍ਰਿਤਕ ਬੌਧ ਰਾਜ ਦੀ 14 ਸਾਲਾ ਧੀ ਨੇ ਦੱਸਿਆ ਕਿ ਉਹ ਕੁਝ ਮਹੀਨੇ ਤੋਂ ਆਪਣੀ ਨਾਨੀ ਕੋਲ ਪਿੰਡ ਨੰਗਲ ‘ਚ ਰਹਿ ਰਹੀ ਹੈ, ਉਸ ਦੀ ਮਾਸੀ ਪ੍ਰਵੀਨ ਕੁਮਾਰ ਵੀ ਆਪਣੇ ਬੱਚਿਆਂ ਨਾਲ ਪਿੰਡ ਨੰਗਲ ‘ਚ ਰਹਿਣ ਆਈ ਹੋਈ ਸੀ। ਰਾਤ ਨੂੰ ਉਸ ਦੇ ਪਿਤਾ ਨੇ ਫੋਨ ’ਤੇ ਮਾਸੀ ਨਾਲ ਗੱਲ ਕਰਵਾਉਣ ਲਈ ਕਿਹਾ। ਲੜਕੀ ਨੇ ਦੱਸਿਆ ਕਿ ਜਦੋਂ ਉਸ ਨੇ ਫੋਨ ‘ਤੇ ਆਪਣੇ ਪਿਤਾ ਦੀ ਮਾਸੀ ਨਾਲ ਗੱਲ ਕਰਵਾਉਣੀ ਚਾਹੀ ਤਾਂ ਮਾਸੀ ਨੇ ਫੋਨ ‘ਤੇ ਗੱਲ ਕਰਨੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਉਸ ਦੇ ਪਿਤਾ ਸ਼ਨੀਵਾਰ ਨੂੰ ਤਕਰੀਬਨ ਲਗਭਗ 10 ਵਜੇ ਪਿੰਡ ਨੰਗਲ ਉਸ ਦੀ ਨਾਨੀ ਦੇ ਘਰ ਆਏ ਤੇ ਉਸ ਸਮੇਂ ਨਾਨੀ ਘਰੋਂ ਬਾਹਰ ਗਈ ਹੋਈ ਸੀ। ਉਸ ਦੇ ਪਿਤਾ ਦੇ ਆਉਂਦੇ ਹੀ ਮਾਸੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਸ਼ੁਰੂ ਹੋ ਗਿਆ ਤੇ ਕੁਝ ਹੀ ਦੇਰ ਬਾਅਦ ਉਸ ਦੇ ਪਿਤਾ ਮਾਸੀ ਨੂੰ ਕਮਰੇ ‘ਚ ਲੈ ਗਏ ਤੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ। ਲੜਕੀ ਨੇ ਦੱਸਿਆ ਕਿ ਉਸ ਨੇ ਕਾਫੀ ਦੇਰ ਤਕ ਦਰਵਾਜ਼ਾ ਖੜਕਾਇਆ ਪਰ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਉਹ ਆਪਣੀ ਨਾਨੀ ਨੂੰ ਬੁਲਾ ਲਿਆਈ। ਨਾਨੀ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਉਸ ਦੇ ਪਿਤਾ ਤੇ ਮਾਸੀ ਦੋਵੇਂ ਹੀ ਮ੍ਰਿਤਕ ਪਏ ਹੋਏ ਸਨ। ਇਸ ਸਬੰਧੀ ਪਿੰਡ ਵਾਸੀਆਂ ਨੂੰ ਸੂਚਨਾ ਦਿੱਤੀ।
ਇਸ ਬਾਰੇ ਥਾਣਾ ਸਤਨਾਮਪੁਰਾ ਦੀ ਐੱਸਐੱਚਓ ਊਸ਼ਾ ਰਾਣੀ ਨੇ ਦੱਸਿਆ ਕਿ ਹੁਣ ਤੱਕ ਜਾਂਚ ‘ਚ ਸਾਹਮਣੇ ਆਇਆ ਹੈ ਕਿ ਬੌਧ ਰਾਜ ਤੇ ਪ੍ਰਵੀਨ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੈ। ਅਜਿਹੀ ਸੰਭਾਵਨਾ ਹੈ ਕਿ ਪਹਿਲਾਂ ਬੌਧ ਰਾਜ ਨੇ ਆਪਣੀ ਸਾਲੀ ਦਾ ਕਤਲ ਕੀਤਾ ਅਤੇ ਫਿਰ ਖੁਦ ਵੀ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।