New Study on coronavirus: ਪੂਰੀ ਦੁਨੀਆ ਵਿੱਚ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਹੀ ਹੈ। ਵਿਸ਼ਵ ਵਿੱਚ ਕੋਵਿਡ-19 ਦੇ ਹੁਣ ਤੱਕ 3.71 ਕਰੋੜ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 10 ਲੱਖ ਤੋਂ ਵੱਧ ਲੋਕ ਆਪਣੀਆਂ ਜਾਨਾਂ ਗੁਆ ਚੁੱਕੇ ਹਨ । ਭਾਰਤ ਵਿੱਚ ਹੁਣ ਤੱਕ ਕੋਰੋਨਾ ਦੇ 70 ਲੱਖ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 60 ਲੱਖ ਤੋਂ ਵੱਧ ਮਰੀਜ਼ ਵਾਇਰਸ ਨੂੰ ਮਾਤ ਦੇਣ ਵਿੱਚ ਕਾਮਯਾਬ ਹੋਏ ਹਨ । ਇਸ ਦੌਰਾਨ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਬੈਂਕ ਨੋਟਾਂ ਅਤੇ ਮੋਬਾਇਲ ਫੋਨ ਵਰਗੇ ਉਤਪਾਦਾਂ ‘ਤੇ ਠੰਡੇ ਅਤੇ ਡਾਰਕ ਹਾਲਤਾਂ ਵਿੱਚ 28 ਦਿਨਾਂ ਤੱਕ ਜੀਵਤ ਰਹਿ ਸਕਦਾ ਹੈ। ਇਹ ਜਾਣਕਾਰੀ ਆਸਟ੍ਰੇਲੀਆ ਦੀ ਨੈਸ਼ਨਲ ਸਾਇੰਸ ਏਜੰਸੀ ਨੇ ਦਿੱਤੀ।
ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ CSIRO ਦੇ ਰੋਗ ਤਿਆਰੀ ਕੇਂਦਰ ਦੇ ਖੋਜਕਰਤਾਵਾਂ ਨੇ ਇਹ ਜਾਂਚ ਕੀਤੀ ਕਿ SARS-CoV-2 ਹਨੇਰੇ ਵਿੱਚ ਤਿੰਨ ਡਿਗਰੀ ਸੈਲਸੀਅਸ ਤੱਕ ਕਿੰਨੇ ਸਮੇਂ ਲਈ ਜੀਵਿਤ ਰਹਿ ਸਕਦਾ ਹੈ। ਇਸ ਪ੍ਰੀਖਣ ਵਿੱਚ ਇਹ ਪਾਇਆ ਗਿਆ ਹੈ ਕਿ ਗਰਮ ਹਾਲਤਾਂ ਵਿੱਚ ਵਾਇਰਸ ਦੀ ਬਚਾਅ ਦੀ ਦਰ ਘੱਟ ਹੋ ਜਾਂਦੀ ਹੈ।
ਵਿਗਿਆਨੀਆਂ ਨੇ ਪਾਇਆ ਕਿ 20 ਡਿਗਰੀ ਸੈਲਸੀਅਸ ਤੱਕ ਦੇ ਤਾਪਮਾਨ ‘ਤੇ SARS-CoV-2 ਵਾਇਰਸ ਕੱਚ (ਮੋਬਾਇਲ ਫੋਨ ਦੀ ਸਕਰੀਨ), ਸਟੀਲ ਅਤੇ ਪਲਾਸਟਿਕ ਦੇ ਨੋਟ ‘ਤੇ ਤੇਜ਼ੀ ਨਾਲ ਫੈਲਦਾ ਹੈ ਅਤੇ 28 ਦਿਨਾਂ ਤੱਕ ਜੀਵਿਤ ਰਹਿ ਸਕਦਾ ਹੈ। 30 ਡਿਗਰੀ ਤਾਪਮਾਨ ‘ਤੇ ਵਾਇਰਸ ਦੇ ਜੀਵਿਤ ਰਹਿਣ ਦੀ ਸੰਭਾਵਨਾ ਘੱਟ ਕੇ ਸੱਤ ਦਿਨਾਂ ‘ਤੇ ਆ ਗਈ ਹੈ, ਜਦੋਂ ਕਿ 40 ਡਿਗਰੀ ‘ਤੇ ਇਹ ਵਾਇਰਸ ਸਿਰਫ 24 ਘੰਟਿਆਂ ਲਈ ਜ਼ਿੰਦਾ ਰਹਿ ਸਕਦਾ ਹੈ।
ਦੱਸ ਦੇਈਏ ਕਿ ਖੋਜਕਰਤਾਵਾਂ ਨੇ ਕਿਹਾ ਕਿ ਵਾਇਰਸ ਘੱਟ ਤਾਪਮਾਨ ‘ਤੇ ਖੁਰਦਰੀ ਸਤਹਿ ‘ਤੇ ਲੰਬੇ ਸਮੇਂ ਲਈ ਜੀਵਿਤ ਰਹਿ ਸਕਦਾ ਹੈ। ਅਧਿਐਨ ਵਿੱਚ ਕਿਹਾ ਗਿਆ ਹੈ ਕਿ ਇਹ ਕੱਪੜੇ ਵਰਗੀ ਖੁਰਦਰੀ ਸਤਹਿ ‘ਤੇ 14 ਦਿਨਾਂ ਬਾਅਦ ਜੀਵਿਤ ਨਹੀਂ ਰਹਿ ਸਕਦਾ।