Kim Jong un tearfully thanks troops: ਉੱਤਰੀ ਕੋਰੀਆ ਦੇ ਸ਼ਾਸਕ ਕਿਮ ਜੋਂਗ ਉਨ, ਜੋ ਆਪਣੀ ਬੇਰਹਿਮੀ, ਕਠੋਰਤਾ ਅਤੇ ਤਾਨਾਸ਼ਾਹੀ ਲਈ ਦੁਨੀਆ ਭਰ ਵਿੱਚ ਜਾਣੇ ਜਾਂਦੇ ਹਨ, ਨੇ ਨਮ ਅੱਖਾਂ ਨਾਲ ਆਪਣੀਆਂ ਅਸਫਲਤਾਵਾਂ ਲਈ ਪਹਿਲੀ ਵਾਰ ਜਨਤਾ ਤੋਂ ਮੁਆਫੀ ਮੰਗੀ ਹੈ । ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਇੱਕ ਫੌਜੀ ਪਰੇਡ ਵਿੱਚ ਭਾਸ਼ਣ ਦੌਰਾਨ ਬਹੁਤ ਭਾਵੁਕ ਹੋ ਗਏ ਅਤੇ ਇਸ ਦੌਰਾਨ ਉਨ੍ਹਾਂ ਦੀਆਂ ਅੱਖਾਂ ਵਿਚੋਂ ਹੰਝੂ ਆ ਗਏ। ਉਨ੍ਹਾਂ ਨੇ ਦੇਸ਼ ਦੀ ਖਾਤਰ ਕੁਰਬਾਨੀਆਂ ਕਰਨ ਲਈ ਫੌਜ ਦਾ ਧੰਨਵਾਦ ਕੀਤਾ । ਨਾਲ ਹੀ ਉੱਤਰੀ ਕੋਰੀਆ ਦੇ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਵਿੱਚ ਅਸਫਲ ਰਹਿਣ ਲਈ ਨਾਗਰਿਕਾਂ ਤੋਂ ਮੁਆਫੀ ਮੰਗੀ।
ਸਮਾਚਾਰ ਏਜੰਸੀ ਅਨੁਸਾਰ ਕਿਮ ਜੋਂਗ ਉਨ ਨੇ ਆਪਣੀ ਪਾਰਟੀ ਦੀ 75ਵੀਂ ਵਰ੍ਹੇਗੰਢ ਮੌਕੇ ਜਨਤਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਵਿਨਾਸ਼ਕਾਰੀ ਤੂਫਾਨਾਂ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਲਈ ਧੰਨਵਾਦ ਕੀਤਾ । ਸਰਕਾਰੀ ਟੈਲੀਵਿਜ਼ਨ ਸਟੇਸ਼ਨ ਵੱਲੋਂ ਜਾਰੀ ਕੀਤੀ ਗਈ ਇੱਕ ਵੀਡੀਓ ਫੁਟੇਜ ਵਿੱਚ ਕਿਮ ਜੋਂਗ ਦੀਆਂ ਅੱਖਾਂ ਵਿੱਚ ਹੰਝੂ ਦਿਖਾਈ ਦਿੱਤੇ । ਸਾਰਿਆਂ ਦੇ ਸਾਹਮਣੇ ਭਾਸ਼ਣ ਦੌਰਾਨ ਉਹ ਆਪਣੇ ਹੰਝੂ ਪੂੰਝਦੇ ਵੀ ਦਿਖਾਈ ਦਿੱਤੇ ।
ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਮ ਜੋਂਗ ਉਨ ਨੇ ਕਿਹਾ ਕਿ ਉਹ ਸ਼ੁਕਰਗੁਜ਼ਾਰ ਹਨ ਕਿ ਇੱਕ ਵੀ ਉੱਤਰ ਕੋਰੀਆ ਕੋਰੋਨਾ ਵਾਇਰਸ ਨਾਲ ਸੰਕਰਮਿਤ ਨਹੀਂ ਹੋਇਆ । ਹਾਲਾਂਕਿ, ਅਮਰੀਕਾ ਅਤੇ ਦੱਖਣੀ ਕੋਰੀਆ ਇਸ ਦਾਅਵੇ ‘ਤੇ ਸ਼ੰਕਾਵਾਦੀ ਹਨ। ਕਿਮ ਨੇ ਕਿਹਾ ਕਿ ਐਂਟੀ-ਕੋਰੋਨਾ ਵਾਇਰਸ ਉਪਾਅ, ਕੌਮਾਂਤਰੀ ਪਾਬੰਦੀਆਂ ਅਤੇ ਕਈ ਤੂਫਾਨਾਂ ਦੇ ਪ੍ਰਭਾਵ ਨੇ ਸਰਕਾਰ ਨੂੰ ਨਾਗਰਿਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੇ ਆਪਣੇ ਵਾਅਦੇ ਪੂਰੇ ਕਰਨ ਤੋਂ ਰੋਕਿਆ ਹੈ।
ਕਿਮ ਜੋਂਗ ਉਨ ਨੇ ਕਿਹਾ ਕਿ ਮੇਰੀਆਂ ਕੋਸ਼ਿਸ਼ਾਂ ਅਤੇ ਇਮਾਨਦਾਰੀ ਸਾਡੇ ਲੋਕਾਂ ਨੂੰ ਉਨ੍ਹਾਂ ਦੀਆਂ ਜ਼ਿੰਦਗੀਆਂ ਵਿੱਚ ਕਠਿਨਾਈਆਂ ਨਾਲ ਉਨ੍ਹਾਂ ਨੂੰ ਮੁਕਤ ਕਰਨ ਲਈ ਕਾਫ਼ੀ ਨਹੀਂ ਹਨ। ਹਾਲਾਂਕਿ, ਇਹ ਜੋ ਵੀ ਹੈ, ਸਾਡੇ ਲੋਕਾਂ ਨੇ ਹਮੇਸ਼ਾਂ ਮੇਰੇ ‘ਤੇ ਵਿਸ਼ਵਾਸ ਕੀਤਾ ਹੈ ਅਤੇ ਪੂਰੀ ਤਰ੍ਹਾਂ ਨਾਲ ਮੇਰੇ ‘ਤੇ ਭਰੋਸਾ ਕੀਤਾ ਹੈ ਅਤੇ ਮੇਰੀ ਪਸੰਦ ਅਤੇ ਦ੍ਰਿੜ ਸੰਕਲਪ ਦਾ ਸਮਰਥਨ ਕੀਤਾ ਹੈ।
ਦੱਸ ਦੇਈਏ ਕਿ ਉੱਤਰੀ ਕੋਰੀਆ ਦੀ ਆਰਥਿਕਤਾ ਪਹਿਲਾਂ ਹੀ ਆਪਣੇ ਪ੍ਰਮਾਣੂ ਹਥਿਆਰਾਂ ਅਤੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮਾਂ ‘ਤੇ ਲਗਾਈਆਂ ਗਈਆਂ। ਅੰਤਰਰਾਸ਼ਟਰੀ ਪਾਬੰਦੀਆਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਦੇਸ਼ ਨੇ ਲਗਭਗ ਸਾਰੇ ਸਰਹੱਦੀ ਆਵਾਜਾਈ ਨੂੰ ਬੰਦ ਕਰ ਦਿੱਤਾ ਹੈ, ਜਿਸ ਨਾਲ ਇਸ ਦੀ ਆਰਥਿਕਤਾ ਵਿਗੜ ਗਈ ਹੈ।