Gayle recovers from abdominal pain: ਕਿੰਗਜ਼ ਇਲੈਵਨ ਪੰਜਾਬ ਦਾ ਕੈਰੇਬੀਅਨ ਬੱਲੇਬਾਜ਼ ਕ੍ਰਿਸ ਗੇਲ ਪੇਟ ਦਰਦ (ਫੂਡ ਪੋਇਜ਼ਨਿੰਗ) ਤੋਂ ਠੀਕ ਹੋ ਗਿਆ ਹੈ। ਗੇਲ ਨੂੰ ਵੀਰਵਾਰ ਨੂੰ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਦੇ ਖਿਲਾਫ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੌਜੂਦਾ ਸੀਜ਼ਨ ਵਿੱਚ ਆਪਣਾ ਪਹਿਲਾ ਮੈਚ ਖੇਡਣ ਦਾ ਮੌਕਾ ਮਿਲ ਸਕਦਾ ਹੈ। ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਕਿਹਾ ਕਿ ਗੇਲ ‘ਫੂਡ ਪੋਇਜ਼ਨਿੰਗ’ ਕਾਰਨ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਮੈਚ ਨਹੀਂ ਖੇਡ ਸਕਿਆ ਸੀ। ਇਹ 41 ਸਾਲਾ ਵਿਸਫੋਟਕ ਬੱਲੇਬਾਜ਼ ਸ਼ਨੀਵਾਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਵੀ ਨਹੀਂ ਖੇਡਿਆ ਸੀ। ਗੇਲ ਨੇ ਹਸਪਤਾਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ, ਜਦੋਂਕਿ ਕਿੰਗਜ਼ ਇਲੈਵਨ ਨੇ ਸੋਮਵਾਰ ਨੂੰ ਗੇਲ ਦੀ ਅਭਿਆਸ ‘ਤੇ ਵਾਪਿਸ ਆਉਣ ਦੀ ਇੱਕ ਤਸਵੀਰ ਜਾਰੀ ਕੀਤੀ ਹੈ। ਟੀਮ ਦੇ ਸੂਤਰਾਂ ਨੇ ਕਿਹਾ, “ਉਹ ਹੁਣ ਤੰਦਰੁਸਤ ਹੈ ਅਤੇ ਆਰਸੀਬੀ (ਵੀਰਵਾਰ) ਦੇ ਖਿਲਾਫ ਮੈਚ ਵਿੱਚ ਖੇਡਣ ਦੀ ਉਮੀਦ ਹੈ।” ਇਹ ਮੈਚ ਸ਼ਾਰਜਾਹ ਵਿੱਚ ਹੋਵੇਗਾ, ਜਿੱਥੇ ਮੈਦਾਨ ਤਿੰਨੋਂ ਆਈਪੀਐਲ ਮੈਚਾਂ ਵਿੱਚੋਂ ਸਭ ਤੋਂ ਛੋਟਾ ਹੈ।
ਮਯੰਕ ਅਗਰਵਾਲ ਅਤੇ ਕੇ ਐਲ ਰਾਹੁਲ ਨੇ ਕਿੰਗਜ਼ ਇਲੈਵਨ ਨੂੰ ਹੁਣ ਤੱਕ ਚੰਗੀ ਸ਼ੁਰੂਆਤ ਦਿੱਤੀ ਹੈ ਅਤੇ ਇਸ ਲਈ ਗੇਲ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ। ਕਿੰਗਜ਼ ਇਲੈਵਨ ਨੇ ਸੱਤ ਮੈਚਾਂ ਵਿੱਚੋਂ ਛੇ ਵਿੱਚ ਹਾਰ ਦਾ ਸਾਹਮਣਾ ਕੀਤਾ ਹੈ ਅਤੇ ਹੁਣ ਟੀਮ ਨੂੰ ਪਲੇਆਫ ਵਿੱਚ ਜਗ੍ਹਾ ਬਣਾਉਣ ਲਈ ਕੁੱਝ ਖਾਸ ਕਰਨਾ ਪਏਗਾ। ਸੰਯੁਕਤ ਅਰਬ ਅਮੀਰਾਤ ਵਿੱਚ 19 ਸਤੰਬਰ ਤੋਂ ਸ਼ੁਰੂ ਹੋਏ ਆਈਪੀਐਲ ਦਾ ਅੱਧਾ ਸਫ਼ਰ ਖ਼ਤਮ ਹੋ ਗਿਆ ਹੈ। ਹੁਣ ਤੱਕ ਸਾਰੀਆਂ ਟੀਮਾਂ ਸੱਤ ਮੈਚ ਖੇਡ ਚੁੱਕੀਆਂ ਹਨ। ਇਸ ਸਮੇਂ ਮੁੰਬਈ ਇੰਡੀਅਨਜ਼ ਪੰਜ ਜਿੱਤਾਂ ਦੇ ਨਾਲ ਚੋਟੀ ‘ਤੇ ਹੈ ਜਦਕਿ ਦਿੱਲੀ ਵੀ 5 ਜਿੱਤਾਂ ਨਾਲ ਦੂਜੇ ਸਥਾਨ ‘ਤੇ ਹੈ। ਮੁੰਬਈ-ਦਿੱਲੀ-ਬੰਗਲੌਰ ਨੇ ਪੰਜ ਮੈਚ ਜਿੱਤੇ ਹਨ, ਕੋਲਕਾਤਾ ਨੇ ਚਾਰ ਅਤੇ ਹੈਦਰਾਬਾਦ ਅਤੇ ਰਾਜਸਥਾਨ ਨੇ ਤਿੰਨ-ਤਿੰਨ ਮੈਚ ਜਿੱਤੇ ਹਨ।