Dalit youth beaten up : ਪੰਜਾਬ ਦੇ ਫਿਰੋਜ਼ਪੁਰ ਤੋਂ ਸ਼ਰਮਨਾਕ ਖਬਰ ਸਾਹਮਣੇ ਆਈ ਹੈ, ਜਿਥੇ ਵੈਰੋਕਾ ਥਾਣੇ ਅਧੀਨ ਪੈਂਦੇ ਪਿੰਡ ਵਿਚ ਸੋਮਵਾਰ ਦੇਰ ਸ਼ਾਮ ਇਕ ਅਨੁਸੂਚਿਤ ਜਾਤੀ ਦੇ ਨੌਜਵਾਨ ਨੂੰ ਚੋਰ ਦੱਸ ਦੇ ਤਿੰਨ ਜ਼ਿੰਮੀਂਦਾਰਾਂ ਨੇ ਪਹਿਲਾਂ ਤਾਂ ਉਸ ਦੀ ਖੂਬ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਜ਼ਬਰਦਸਤੀ ਪੇਸ਼ਾਬ ਪਿਲਾ ਦਿੱਤਾ। ਜ਼ਖਮੀ ਨੌਜਵਾਨ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀੜਤ ਆਪਣੇ ਭਰਾ ਨੂੰ ਮਿਲਣ ਪਿੰਡ ਗਿਆ ਸੀ। ਥਾਣਾ ਵੈਰੋਕਾ ਨੇ ਮੰਗਲਵਾਰ ਨੂੰ ਪੀੜਤ ਦੇ ਬਿਆਨ ‘ਤੇ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਪੀੜਤ ਨੌਜਵਾਨ ਨੇ ਕਿਹਾ ਕਿ ਉਸਦਾ ਭਰਾ ਇੱਕ ਕਿਸਾਨ ਨਾਲ ਇਥੇ ਕੰਮ ਕਰਦਾ ਹੈ। ਸੋਮਵਾਰ ਦੀ ਦੇਰ ਸ਼ਾਮ ਉਹ ਆਪਣੇ ਭਰਾ ਨੂੰ ਮਿਲਣ ਅਤੇ ਬਾਈਕ ਲੈਣ ਜਾ ਰਿਹਾ ਸੀ। ਜਿਵੇਂ ਹੀ ਪਿੰਡ ਪਹੁੰਚਿਆ ਨਸ਼ੇ ਵਿੱਚ ਧੁੱਤ ਦੋਸ਼ੀ ਸਿਮਰਨਜੀਤ ਸਿੰਘ, ਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਨੇ ਉਸਨੂੰ ਫੜ ਲਿਆ। ਤਿੰਨੇ ਮੁਲਜ਼ਮਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਪੀੜਤ ਦਾ ਕਹਿਣਾ ਹੈ ਕਿ ਦੋਸ਼ੀ ਉਸ ਤੋਂ ਜ਼ਬਰਦਸਤੀ ਮੰਨਵਾ ਰਹੇ ਸਨ ਕਿ ਉਹ ਚੋਰੀ ਕਰਨ ਆਇਆ ਹੈ। ਨਾ ਮੰਨਣ ‘ਤੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਅਤੇ ਪੇਸ਼ਾਬ ਪੀਣ ਲਈ ਮਜਬੂਰ ਕੀਤਾ। ਜਿਵੇਂ ਹੀ ਉਸਦੇ ਭਰਾ ਨੂੰ ਇਸ ਘਟਨਾ ਦਾ ਪਤਾ ਲੱਗਿਆ, ਉਹ ਉਥੇ ਪਹੁੰਚ ਗਿਆ ਅਤੇ ਉਸਨੂੰ ਬਚਾਇਆ ਅਤੇ ਉਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।
ਇਸੇ ਦੌਰਾਨ ਥਾਣਾ ਵੈਰੋਕਾ ਦੇ ਏਐਸਆਈ ਇਕਬਾਲ ਸਿੰਘ ਨੇ ਦੱਸਿਆ ਕਿ ਪੀੜਤ ਨੌਜਵਾਨ ਦੇ ਬਿਆਨ ’ਤੇ ਮੁਲਜ਼ਮ ਸਿਮਰਨਜੀਤ ਸਿੰਘ ਉਰਫ ਕਾਲਾ, ਰਮਨਦੀਪ ਸਿੰਘ ਉਰਫ਼ ਰਮਣਾ ਅਤੇ ਜਸਵੀਰ ਸਿੰਘ ਉਰਫ ਭੋਲਾ ਨਿਵਾਸੀ ਚੱਕ ਜਾਨੀਸਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮਾਂ ਨੂੰ ਫੜਣ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਏਐਸਆਈ ਨੇ ਦੱਸਿਆ ਕਿ ਤਿੰਨੇ ਮੁਲਜ਼ਮ ਪੀੜਤ ਨੌਜਵਾਨ ਨੂੰ ਫੜ ਕੇ ਧਰਮਸ਼ਾਲਾ ਲੈ ਗਏ ਅਤੇ ਉਸ ਦੇ ਮੂੰਹ ਵਿੱਚ ਪੇਸ਼ਾਬ ਪਾ ਦਿੱਤਾ।